ਅਸੀਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗੇ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਸਾਨੂੰ ਅਕਾਲੀ ਦਲ ਵਿਚੋਂ ਕੱਢਣ ਦੀ ਕਿਸੇ 'ਚ ਵੀ ਹਿੰਮਤ ਨਹੀਂ

file photo

ਬੁਢਲਾਡਾ : ਅਸੀਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਸਾਡਾ ਪਰਵਾਰ ਆਖਰੀ ਸਾਹਾਂ ਤਕ ਸਿਧਾਂਤਾਂ ਦੀ ਲੜਾਈ ਲੜਦਾ ਰਹੇਗਾ। ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਕਿਸੇ ਵਿਚ ਵੀ ਤਾਕਤ ਨਹੀਂ ਹੈ। ਇਹ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅਪਣੀ ਮਾਨਸਾ ਫੇਰੀ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਦਗਾ ਕੀਤਾ ਹੈ ਤੇ ਨਾ ਹੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸਾਡੇ ਪਰਵਾਰ ਨੇ ਹਮੇਸ਼ਾ ਅਕਾਲੀ ਦਲ ਦੀ ਮਜਬੂਤੀ ਲਈ ਸਿਧਾਂਤਾਂ 'ਤੇ ਪਹਿਰਾ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆਵਾਜ਼ ਸੱਚਾਈ ਦੀ ਆਵਾਜ਼ ਹੈ। ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਲੇ ਇਸ ਵੇਲੇ ਚਾਪਲੂਸਾਂ ਦਾ ਡੇਰਾ ਹੈ। ਇਨ੍ਹਾਂ ਨੇ ਸਿਰਫ਼ ਅਪਣੇ ਨਿੱਜੀ ਹਿਤਾਂ ਖ਼ਾਤਰ ਪਾਰਟੀ ਨੂੰ ਇਕ ਘਰੇਲੂ ਸਿਆਸੀ ਪਾਰਟੀ ਤਕ ਸੀਮਤ ਕਰ ਕੇ ਰੱਖ ਦਿਤਾ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਮਜਬੂਤੀ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਿਆ ਸੀ। ਪਰ ਅੱਜ ਚਾਪਲੂਸਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ ਹੀ ਬਦਲ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਪੰਜਾਬ ਦੇ ਸਮੂਹ ਵਿਧਾਨ ਸਭਾ ਹਲਕਿਆਂ ਅੰਦਰ ਘਰੇ ਬੈਠੇ ਟਕਸਾਲੀਆਂ ਨੂੰ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਛੱਡ ਚੁੱਕੇ ਟਕਸਾਲੀਆਂ ਨੂੰ ਵੀ ਇਕ ਮੰਚ 'ਤੇ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਹੋਛੇ ਹੱਥਕੰਢੇ ਅਪਨਾਉਣ ਵਾਲਿਆਂ ਹੱਥੋਂ ਜ਼ਲੀਲ ਹੋਣ ਦੀ ਥਾਂ ਟਕਸਾਲੀ ਆਗੂਆਂ ਨੇ ਘਰੇ ਬੈਠਣਾ ਹੀ ਠੀਕ ਸਮਝਿਆ ਹੈ।

ਢੀਂਡਸਾ ਮੁਤਾਬਕ ਉਨ੍ਹਾਂ ਨੇ ਹਰ ਵਿਧਾਨ ਸਭਾ ਹਲਕੇ ਅੰਦਰ ਘਰੇ ਬੈਠੇ ਟਕਸਾਲੀ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਆਗੂਆਂ ਨਾਲ ਸੰਪਰਕ ਸਾਧ ਕੇ ਉਨ੍ਹਾਂ ਨੂੰ ਜ਼ਮੀਰ ਦੀ ਆਵਾਜ਼ ਸੁਣਦਿਆਂ ਅਕਾਲੀ ਦਲ ਦੀ ਮਜਬੂਤੀ ਲਈ ਅੱਗੇ ਆਉਣ ਲਈ ਪ੍ਰੇਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ 'ਚੋਂ ਬਰਖਾਸਤ ਕਰਨ ਸਬੰਧੀ ਵੀ ਪਾਰਟੀ ਅੰਦਰ ਇਕਸੂਰਤਾ ਨਹੀਂ ਹੈ। ਇਸ ਦਾ ਸਬੂਤ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਖੁਦ ਨੂੰ ਅਕਾਲੀ ਦਲ ਤੋਂ ਅਲੱਗ ਕਰਨ ਤੋਂ ਮਿਲਦਾ ਹੈ।