ਅਸਤੀਫ਼ੇ ਤੋਂ ਬਾਅਦ ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ 'ਤੇ ਖੜੇ ਕੀਤੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ 'ਚ ਆਰੰਭ ਹੋਈ ਸਿਧਾਂਤਕ ਲੜਾਈ 'ਚ ਮੈਂ ਅਪਣੇ ਪਿਤਾ ਨਾਲ : ਪਰਮਿੰਦਰ ਢੀਂਡਸਾ

File Photo

ਸੰਗਰੂਰ :  ਸ਼੍ਰੋਮਣੀ ਅਕਾਲੀ ਦਲ (ਬ) ਵਿਚ ਉਠੀਆਂ ਬਗ਼ਾਵਤੀ ਸੁਰਾਂ ਠੱਲ੍ਹਣ ਦਾ ਨਾਂਅ ਨਹੀਂ ਲੈ ਰਹੀਆਂ। ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਆਰੰਭੀ ਸਿਆਸੀ ਲੜਾਈ ਵਿਚ ਅੱਜ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕੁੱਦਣ ਦਾ ਫ਼ੈਸਲਾ ਕਰ ਲਿਆ ਹੈ।

 ਅਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਹੁਣ ਸਿਧਾਂਤ ਨਾਲੋਂ ਨਿੱਜ ਭਾਰੂ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵਲੋਂ ਆਰੰਭ ਕੀਤੀ ਲੜਾਈ ਵਿਚ ਉਹ ਪੂਰੀ ਤਰ੍ਹਾਂ ਅਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਨਾਲ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਵਿਚ ਜਿਸ ਤਰ੍ਹਾਂ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਹੈ, ਉਹ ਸ਼ੱਕੀ ਹੈ ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪਾਰਟੀ ਪ੍ਰਧਾਨ (ਸੁਖਬੀਰ ਬਾਦਲ) ਦੀ ਚੋਣ ਕੀਤੀ ਗਈ ਹੈ, ਉਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਸੂਬਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਲਾਕ 'ਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋਣੀ ਚਾਹੀਦੀ ਸੀ ਇਸ ਪਿਛੋਂ ਸੂਬਾ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵਲੋਂ ਵੀ ਇਸ ਪ੍ਰਕ੍ਰਿਆ 'ਤੇ ਸਵਾਲ ਕੀਤਾ ਗਿਆ ਸੀ।

ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਅਪਣੇ ਪਿਤਾ 'ਤੇ ਹੋਰ ਆਗੂਆਂ ਨਾਲ ਡਟਣ ਦਾ ਫ਼ੈਸਲਾ ਅਪਣੇ ਪੱਧਰ 'ਤੇ ਲਿਆ ਹੈ ਇਸ ਵਿਚ ਉਨ੍ਹਾਂ 'ਤੇ ਕੋਈ ਦਬਾਅ ਨਹੀਂ। ਉਨ੍ਹਾਂ ਕਿਹਾ ਕਿ ਉਹ ਅਪਣੇ ਪਿਤਾ 'ਤੇ ਹੋਰ ਆਗੂਆਂ (ਟਕਸਾਲੀਆਂ) ਨਾਲ ਗੱਲਬਾਤ ਕਰਕੇ ਅਪਣੀ ਅਗਲੀ ਰਣਨੀਤੀ ਤੈਅ ਕਰਨਗੇ। ਇਸ ਮੌਕੇ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਸਤਗੁਰ ਸਿੰਘ ਨਮੋਲ, ਹਰਦੇਵ ਸਿੰਘ ਝਨੇੜੀ, ਸੁਖਚੈਨ ਸਿੰਘ ਜੈਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਢੀਂਡਸਾ ਸਮਰਥਕ ਪੁੱਜੇ ਹੋਏ ਸਨ।