ਅਪਣੇ ਸਟੈਂਡ ਖਾਤਰ 'ਸਿਰ-ਧੜ ਦੀ ਬਾਜ਼ੀ' ਲਾਉਣ ਲਈ ਤਿਆਰ ਹਾਂ : ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੀਆਂ ਮੁੜ ਗਿਣਾਈਆਂ ਕਮੀਆਂ

file photo

ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਿਆ 'ਪਾੜਾ' ਹੋਰ ਮੋਕਲਾ ਹੁੰਦਾ ਜਾ ਰਿਹਾ ਹੈ। ਸਰਕਾਰ ਦੇ ਕੈਬਨਿਟ ਮੰਤਰੀਆਂ ਵਲੋਂ ਅਨੁਸ਼ਾਸਨਹੀਣਤਾ ਦੀ ਖਿੱਚੀ ਤਿਆਰੀ ਤੋਂ ਬਾਅਦ ਬਾਜਵਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ।

ਅਪਣੀਆਂ ਗਤੀਵਿਧੀਆਂ 'ਤੇ ਦ੍ਰਿੜ੍ਹ ਨਿਸ਼ਚਾ ਪ੍ਰਗਟਾਉਂਦਿਆਂ ਬਾਜਵਾ ਨੇ ਕਿਹਾ ਕਿ ਉਹ ਅਪਣੇ ਲਏ ਸਟੈਂਡ ਖਾਤਰ ਸਿਰ-ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਨ ਪਰ ਡੋਲਣਗੇ ਨਹੀਂ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ।

ਇਸ ਮੁੱਦੇ 'ਤੇ ਅਹਿਮ ਪ੍ਰਗਟਾਵਾ ਕਰਦਿਆਂ ਬਾਜਵਾ ਨੇ ਕਿਹਾ ਕਿ ਜਿਹੜੇ ਮੰਤਰੀਆਂ ਨੇ ਮੇਰੇ ਖਿਲਾਫ਼ ਮਤਾ ਪਾਸ ਕਰਵਾਇਆ ਹੈ, ਉਨ੍ਹਾਂ ਵਿਚੋਂ 6 ਜਣਿਆਂ ਦੇ ਮੇਰੇ ਕੋਲ ਫ਼ੋਨ ਆਏ ਸਨ। ਜਦਕਿ ਦੋ ਮੰਤਰੀ ਮੰਗਲਵਾਰ ਨੂੰ ਹੋਈ ਮੀਟਿੰਗ 'ਚ ਸ਼ਾਮਲ ਹੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਹ ਪ੍ਰੈੱਸ ਨੋਟ ਸਲਾਹਕਾਰਾਂ ਨੇ ਹੀ ਜਾਰੀ ਕੀਤਾ ਹੈ ਜਦਕਿ ਅਸਲ ਵਿਚ ਮੀਟਿੰਗ ਵਿਚ ਅੱਧੇ ਮੰਤਰੀ ਸ਼ਾਮਲ ਹੀ ਨਹੀਂ ਸਨ।

ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਨਿਸ਼ਾਨਾ ਸਾਧਦਿਆਂ ਬਾਜਵਾ ਨੇ ਕਿਹਾ ਕਿ ਜਿਹੜਾ ਮੰਤਰੀ ਸਾਲ ਵਿਚ ਸਿਰਫ਼ ਇਕ ਵਾਰ ਹੀ ਦਰਸ਼ਨ ਦਿੰਦਾ ਹੋਵੇ, ਉਹ ਕੰਮ ਕਿਸ ਤਰ੍ਹਾਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਲ ਵਿਚ ਸਿਰਫ਼ ਇਕ ਦਿਨ ਹੀ ਕੰਮ ਕਰਨਾ ਹੈ ਤਾਂ ਲਾਭੇ ਹੋ ਕੇ ਕਿਸੇ ਹੋਰ ਨੂੰ ਮੌਕੇ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ, ਪਰ ਅਜੇ ਤਕ ਹੋਇਆ ਕੁੱਝ ਵੀ ਨਹੀਂ। ਬਿਜਲੀ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ, ਲੋਕਾਂ ਨਾਲ ਕੀਤੇ ਵਾਅਦੇ ਅਜੇ ਤਕ ਵਸਾਰੇ ਪਏ ਹਨ, ਜੇਕਰ ਅਜੇ ਵੀ ਮੌਕਾ ਨਾ ਸੰਭਾਲਿਆ ਤਾਂ ਲੋਕ ਇਸ ਦਾ ਜਵਾਬ ਦੇਣ 'ਚ ਦੇਰ ਨਹੀਂ ਲਾਉਣਗੇ।