ਬਿਜਲੀ ਦੀਆਂ ਵਧਦੀਆਂ ਕੀਮਤਾਂ ਲਈ ਸੁਖਬੀਰ ਜ਼ਿੰਮੇਵਾਰ : ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਾਸੀਆਂ 'ਤੇ ਮਹਿੰਗੀ ਬਿਜਲੀ ਦਾ ਬੋਝ ਵਧਣਾ ਤੈਅ

File photo

ਅੰਮ੍ਰਿਤਸਰ : ਪੰਜਾਬ ਦੇ ਸਿਆਸਤਦਾਨ ਅਕਸਰ ਹੀ ਪੰਜਾਬ ਨੂੰ ਬਿਜਲੀ ਪੱਖੋਂ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ, ਹੋਰਾਂ ਸੂਬਿਆਂ ਨੂੰ ਵਾਧੂ ਬਿਜਲੀ ਵੇਚਣ ਵਾਲਾ ਸੂਬਾ ਬਣਾ ਦੇਣ ਦੇ ਦਾਅਵੇ ਤੇ ਵਾਅਦੇ ਕਰਦੇ ਰਹਿੰਦੇ ਹਨ। ਖ਼ਾਸ ਕਰ ਕੇ ਪੰਜਾਬ ਦੀ ਸੱਤਾ 'ਤੇ 10 ਸਾਲ ਤਕ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਵਲੋਂ ਅਕਸਰ ਹੀ ਬਿਜਲੀ ਸਬੰਧੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ। ਇਹ ਕੇਵਲ ਦਾਅਵੇ ਹੀ ਨਹੀਂ ਸਨ, ਹਕੀਕਤ 'ਚ ਵੀ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਤਿੰਨ ਥਰਮਲ ਪਲਾਂਟ ਸਥਾਪਤ ਕਰ ਕੇ ਅਪਣੇ ਇਰਾਦਿਆਂ ਨੂੰ ਹਕੀਕਤ 'ਚ ਬਦਲਣ ਦੀ ਸਬੂਤ ਵੀ ਦਿਤਾ। ਪਰ ਪੰਜਾਬੀਆਂ ਨੂੰ ਸਸਤੀ ਤੇ ਨਿਰਵਿਘਨ ਬਿਜਲੀ ਦੇਣ ਦੀ ਕਿਸੇ ਵੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ।

ਮੌਜੂਦਾ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਇਆ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ। ਪਿਛਲੀ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਸਮੇਂ ਸਮੇਂ ਬਿਜਲੀ ਰੇਟਾਂ 'ਚ ਵਾਧਾ ਕਰਦੀ ਰਹੀ ਹੈ। ਲੋਕਾਂ ਨੂੰ ਬਿਜਲੀ ਦੀ ਮਹਿੰਗਾਈ ਤੋਂ ਬਚਾਉਣ ਲਈ ਕੁੱਝ ਕਰਨ ਦੀ ਬਜਾਏ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਜੇ ਸਿਰ ਦੋਸ਼ ਮੜਣ 'ਚ ਮਸ਼ਰੂਫ ਹਨ।

ਹੁਣ ਸਰਕਾਰ ਨੇ ਬਿਜਲੀ ਦਰਾਂ 'ਚ ਵਾਧੇ ਦੀ ਮੁੜ ਤਿਆਰੀ ਕਰ ਲਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕਾਂਗਰਸ ਸਰਕਾਰ 'ਤੇ ਹਮਲੇ ਕੀਤੇ ਜਾ ਰਹੇ ਹਨ।

ਇਸੇ ਦਰਮਿਆਨ ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਬਿਜਲੀ ਦਰਾਂ 'ਚ ਵਾਧਾ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤੀਆਂ ਕਾਰਨ ਹੋ ਰਿਹਾ ਹੈ।

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵਾਇਰਲ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਨਹੀਂ ਮੰਨਦੇ, ਕਿਉਂਕਿ ਰੰਧਾਵਾ ਵਰਗਾ ਅੰਮ੍ਰਿਤਧਾਰੀ ਸਿੱਖ ਕਦੇ ਵੀ ਅਜਿਹਾ ਗ਼ਲਤ ਨਹੀਂ ਬੋਲ ਸਕਦਾ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਰੰਧਾਵਾ ਵੀ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਚੱਲ ਰਹੇ ਸਮਾਗਮ 'ਚ ਪਹੁੰਚੇ ਹੋਏ ਸਨ।