PAU ਨੇ ਪੇਂਡੂ ਔਰਤਾਂ ਨੂੰ ਜਾਗਰੂਕਤਾ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਸਮਾਗਮ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਦੇ ਕਰੀਬ ਪੇਂਡੂ ਸੁਆਣੀਆਂ ਨੇ ਪ੍ਰੋਗਰਾਮ ਵਿੱਚ ਲਿਆ ਹਿੱਸਾ

PAU held special events

ਲੁਧਿਆਣਾ- ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲੇ ਦੇ ਪਿੰਡ ਬੀਲਾ ਵਿਖੇ ਔਰਤਾਂ ਨੂੰ ਜਾਗਰੂਕਤਾ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 50 ਦੇ ਕਰੀਬ ਪੇਂਡੂ ਸੁਆਣੀਆਂ ਨੇ ਹਿੱਸਾ ਲਿਆ।

ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਪੇਂਡੂ ਸੁਆਣੀਆਂ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਘਰੇਲੂ ਅਤੇ ਖੇਤੀ ਦੇ ਕੰਮਾਂ ਵਜੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਔਰਤਾਂ ਖੇਤੀ, ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੀਆਂ ਹਨ। ਸਮਾਜ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਗਗਨਪ੍ਰੀਤ ਕੌਰ ਨੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ।

ਉਹਨਾਂ ਨੇ ਕੁੜੀਆਂ ਦੀ ਅਨੁਪਾਤ ਦਰ ਵਧਾਉਣ ਲਈ ਧੀਆਂ ਦੀ ਲੋਹੜੀ ਮਨਾਉਣ ਤੇ ਜ਼ੋਰ ਦਿੱਤਾ। ਨਾਲ ਹੀ ਭਰੂਣ ਹੱਤਿਆ ਖਤਮ ਕਰਨ ਅਤੇ ਕੁੜੀਆਂ-ਮੁੰਡਿਆਂ ਨੂੰ ਬਰਾਬਰ ਦੀਆਂ ਸਹੂਲਤਾਂ ਦੇਣ ਲਈ ਵੀ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ। ਡਾ. ਲਵਲੀਸ਼ ਗਰਗ ਨੇ ਬਿਹਤਰ ਜ਼ਿੰਦਗੀ ਲਈ ਵੱਖ-ਵੱਖ ਸਹਿਯੋਗੀ ਧੰਦੇ ਅਪਨਾਉਣ ਲਈ ਔਰਤਾਂ ਨੂੰ ਪ੍ਰੇਰਿਤ ਕੀਤਾ।

ਉਹਨਾਂ ਨੇ ਕਿਹਾ ਕਿ ਘਰੇਲੂ ਰਸੋਈ ਬਗੀਚੀ ਰਾਹੀਂ ਔਰਤਾਂ ਪਰਿਵਾਰ ਦੀ ਲੋੜ ਅਨੁਸਾਰ ਸਬਜ਼ੀ ਪੈਦਾ ਕਰ ਸਕਦੀਆਂ ਹਨ। ਪੀ.ਏ.ਯੂ. ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਔਰਤਾਂ ਲਈ ਚਲਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਦਾ ਉਹਨਾਂ ਨੇ ਵਿਸ਼ੇਸ਼ ਜ਼ਿਕਰ ਕੀਤਾ। ਡਾ. ਅਤਿੰਦਰਪਾਲ ਕੌਰ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਔਰਤਾਂ ਲਈ ਸਰਕਾਰੀ ਯੋਜਨਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਸਾਹਿਤ ਵੰਡਿਆ ਗਿਆ ਅਤੇ ਧੀਆਂ ਦੀ ਲੋਹੜੀ ਦਾ ਸਮਾਗਮ ਵੀ ਕਰਵਾਇਆ ਗਿਆ।