ਆਪ' ਦਾ ਦਾਅਵਾ, ਦਿੱਲੀ ਤੋਂ ਬਾਅਦ ਪੰਜਾਬ ਵੀ ਜਿੱਤਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਤੇ ਦਿੱਲੀ 'ਚ ਬਹੁਤ ਫ਼ਰਕ ਹੈ : ਖਹਿਰਾ

Photo

ਚੰਡੀਗੜ੍ਹ: ਦਿੱਲੀ ਚੋਣਾਂ ਜਿੱਤਣ ਤੋਂ ਬਾਅਦ 'ਆਪ' ਆਗੂਆਂ ਦਾ ਉਤਸ਼ਾਹ ਚਰਮ ਸੀਮਾ 'ਤੇ ਹੈ। ਦਿੱਲੀ ਵਿਧਾਨ ਸਭਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਪੰਜਾਬ ਲਈ ਬਿਗਲ ਵਜਾ ਦਿਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਅਸੀਂ ਪੰਜਾਬ ਜਿੱਤਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਲਾਤ ਕਾਫੀ ਮਾੜੇ ਹੋਏ ਗਏ ਜਿਸ ਕਾਰਨ ਉਹ ਪੰਜਾਬ 'ਚ ਝਾੜੂ ਫੇਰਣਗੇ।  

ਪੰਜਾਬ 'ਚ ਆਮ ਆਦਮੀ ਪਾਰਟੀ ਸਕੂਲ, ਹਸਪਤਾਲ ਤੇ ਬਿਜਲੀ ਦੇ ਮੁੱਦਿਆ 'ਤੇ ਚੋਣ ਲੜਿਆ ਜਾਵੇਗਾ। ਦੂਜੇ ਪਾਸੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਪਾਰਟੀ 'ਚ ਵਾਪਸੀ ਤੇ ਕਿਹਾ ਕਿ ਪਾਰਟੀ ਦੇ ਵਲੰਟੀਅਰ ਵਲੋਂ ਇਹ ਫ਼ੈਸਲਾ ਲਿਆ ਜਾਵੇਗਾ। ਇਸ ਇਲਾਵਾ ਭਗਵੰਤ ਨੇ ਪੰਜਾਬ 'ਚ ਭੜਕਾਉ ਗੀਤਾਂ ਤੇ ਕਿਹਾ ਕਿ ਇਸ ਤਰ੍ਹਾਂ ਦੇ ਗੀਤਾਂ ਉੱਤੇ ਰੋਕ ਲਗਣੀ ਚਾਹੀਦੀ ਹੈ।

ਦੂਜੇ ਪਾਸੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਬਿਜਲੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਸੁਖਜਿੰਦਰ ਰੰਧਾਵਾ ਦਾ ਵੀ ਸਮਰਥਨ ਹੈ ਤੇ ਪੰਜਾਬ ਦੇ ਲੋਕ ਵੀ ਪਾਰਟੀ ਦੇ ਨਾਲ ਖੜੇ ਹਨ। ਇਸ ਵੇਲੇ ਪਾਰਟੀ ਦੇ ਆਗੂ ਇਕਜੁੱਟ ਨਜ਼ਰ ਆਏ।

ਪ੍ਰੈੱਸ ਕਾਨਫ਼ਰੰਸ 'ਚ ਅਮਨ ਅਰੋੜਾ ਤੇ ਬਲਜਿੰਦਰ ਕੌਰ ਤੋਂ ਇਲਾਵਾ ਸਾਰੇ ਵਿਧਾਇਕ ਹਾਜ਼ਰ ਸਨ। ਉਧਰ 'ਆਪ' ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿਚ ਬਹੁਤ ਫ਼ਰਕ ਹੈ, ਜਦੋਂ ਪੰਜਾਬ ਦੀਆਂ ਚੋਣਾਂ ਹੋਣਗੀਆਂ ਉਦੋਂ ਮੁੱਦੇ ਵੀ ਵਖਰੇ ਹੋਣਗੇ। ਉਸ ਵੇਲੇ ਜਦੋਂ ਵੀ ਕੋਈ ਸਾਂਝਾ ਫ਼ਰੰਟ ਬਣੇਗਾ ਤੇ ਜੇ ਉਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੁੰਦੀ ਹੈ ਤਾਂ ਉਹ ਉਸ ਫ਼ਰੰਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ 'ਤੇ ਵਿਸ਼ਵਾਸ ਕਰਨਾ ਕਦੇ ਵੀ ਸਹੀ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਅਨੁਸਾਰ ਚੰਗਾ ਕੰਮ ਕੀਤਾ ਹੋਵੇਗਾ ਤਾਂ ਹੀ ਉਨ੍ਹਾਂ ਦੀ ਜਿੱਤ ਹੋਈ ਹੈ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਅਪਣਾ ਪੂਰਾ ਸੱਚ ਦਿਖਾਉਣ 'ਚ ਸਫ਼ਲ ਨਹੀਂ ਹੋਈ ਹੈ।