Punjab News: AXIS ਬੈਂਕ ਮੈਨੇਜਰ ’ਤੇ 50 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ; ਗੌਰਵ ਸ਼ਰਮਾ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਦੇ ਖਾਤਿਆਂ ਨਾਲ ਅਪਣਾ ਮੋਬਾਈਲ ਨੰਬਰ ਜੋੜਿਆ; ਵੱਖ-ਵੱਖ ਖਾਤਿਆਂ ’ਚ ਟ੍ਰਾਂਸਫਰ ਕੀਤੇ ਪੈਸੇ

Allegations of 50 crore fraud on AXIS Bank manager

Punjab News: ਮੁਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਪਿੰਡ ਬੰਸੇਪੁਰ ਵਿਚ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿਚੋਂ ਕਰੋੜਾਂ ਰੁਪਏ ਦੇ ਗਬਨ ਦੇ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਬੈਂਕ ਦੀ ਕਾਰਜਕਾਰੀ ਸ਼ਾਖਾ ਦੇ ਮੁਖੀ ਵਿਕਾਸ ਸੂਦ ਦੀ ਸ਼ਿਕਾਇਤ ’ਤੇ ਬੈਂਕ ਮੈਨੇਜਰ ਗੌਰਵ ਸ਼ਰਮਾ ਵਾਸੀ ਪਿੰਡ ਭੋਆ, ਪਠਾਨਕੋਟ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁਧ ਆਈਪੀਸੀ ਦੀ ਧਾਰਾ 381, 409 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ 'ਚ ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਨੇ ਉਸ ਦੀ ਭਾਲ ਲਈ ਕਈ ਟੀਮਾਂ ਬਣਾਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਹੁਣ ਤਕ 30 ਤੋਂ 40 ਪਿੰਡ ਵਾਸੀਆਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਅਜੇ ਵੀ ਬਹੁਤ ਸਾਰੇ ਪਿੰਡ ਵਾਸੀ ਹਨ ਜਿਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਇਸ ਕਾਰਨ ਪੁਲਿਸ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਪਣੇ ਬੈਂਕ ਵਿਚ ਸਾਰੇ ਖਾਤਾ ਧਾਰਕਾਂ ਦੀ ਜਾਂਚ ਕਰਨ। ਇਨ੍ਹਾਂ ਸਾਰਿਆਂ ਦੇ ਖਾਤਿਆਂ ਦੀ ਜਾਂਚ ਕਰਕੇ ਕੁੱਲ ਰਕਮ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਤਾਂ ਜੋ ਗਬਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਦੀ ਹੁਣ ਤਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਬੈਂਕ ਮੈਨੇਜਰ ਨੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤੇ ਹਨ। ਉਸ ਨੇ ਜ਼ਿਆਦਾਤਰ ਪੈਸੇ ਅਪਣੇ ਪਰਵਾਰਕ ਮੈਂਬਰਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਹਨ। ਇਲਜ਼ਾਮ ਹਨ ਕਿ ਮੈਨੇਜਰ ਨੇ 17 ਨਵੰਬਰ 2023 ਨੂੰ ਸੁਰਿੰਦਰ ਕੌਰ ਦੇ ਖਾਤੇ 'ਚੋਂ 50 ਲੱਖ ਰੁਪਏ, ਹਰਦੀਪ ਸਿੰਘ ਦੇ ਖਾਤੇ 'ਚੋਂ 20 ਲੱਖ ਰੁਪਏ ਅਤੇ 22 ਨਵੰਬਰ 2023 ਨੂੰ 15 ਲੱਖ ਅਤੇ 5 ਲੱਖ ਰੁਪਏ ਅਪਣੇ ਪਿਤਾ ਅਜੈ ਕੁਮਾਰ ਦੇ ਖਾਤੇ 'ਚ ਟਰਾਂਸਫਰ ਕੀਤੇ ਸਨ। ਇਸੇ ਤਰ੍ਹਾਂ ਗੁਰਦੀਪ ਸਿੰਘ ਦੇ ਖਾਤੇ ਵਿਚੋਂ 15 ਲੱਖ ਰੁਪਏ ਅਪਣੀ ਮਾਤਾ ਸਵਰਾਜ ਪਾਲ ਦੇ ਖਾਤੇ ਵਿਚ ਟਰਾਂਸਫਰ ਕੀਤੇ।

ਲੋਕਾਂ ਨੇ ਦਸਿਆ ਕਿ ਜਦੋਂ ਪਿੰਡ ਵਾਸੀ ਅਪਣੀ ਪਾਸਬੁੱਕ ਵਿਚ ਐਂਟਰੀ ਕਰਵਾਉਣ ਲਈ ਮੈਨੇਜਰ ਕੋਲ ਗਏ ਤਾਂ ਉਹ ਬੈਂਕ ਦੀ ਮਸ਼ੀਨ ਖਰਾਬ ਹੋਣ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦਾ ਸੀ। ਦੋ ਦਿਨ ਪਹਿਲਾਂ ਹੀ ਉਸ ਨੇ ਨਿਊ ਚੰਡੀਗੜ੍ਹ ਦੀ ਇਕ ਸੁਸਾਇਟੀ ਵਿਚ ਅਪਣਾ ਫਲੈਟ ਵੀ ਖਾਲੀ ਕਰਵਾਇਆ ਸੀ। ਹੁਣ ਉਸ ਦੇ ਫਲੈਟ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਮੈਨੇਜਰ ਦਾ ਫੋਨ ਵੀ ਬੰਦ ਹੈ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਮੁਲਜ਼ਮ ਨੇ ਗਾਹਕਾਂ ਦੇ ਖਾਤਿਆਂ ਵਿਚ ਅਪਣਾ ਨੰਬਰ ਲਿੰਕ ਕੀਤਾ ਸੀ ਤਾਂ ਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਰਕਮ ਕਢਵਾਉਣ ਦਾ ਮੈਸੇਜ ਉਨ੍ਹਾਂ ਕੋਲ ਨਾ ਜਾਵੇ। ਬੈਂਕ ਦੇ ਗਾਹਕ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੇ ਪਰਵਾਰ ਨੂੰ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਐਕਵਾਇਰ ਕਰਨ ਦਾ ਮੁਆਵਜ਼ਾ ਮਿਲਿਆ ਸੀ। ਉਸ ਨੇ ਪਿੰਡ ਦੇ ਹੀ ਐਕਸਿਸ ਬੈਂਕ ਦੇ ਬਚਤ ਖਾਤੇ ਵਿਚ ਪੈਸੇ ਜਮ੍ਹਾ ਕਰਵਾਏ ਸਨ। ਬੁੱਧਵਾਰ ਨੂੰ ਜਦੋਂ ਉਹ ਪੈਸੇ ਕਢਵਾਉਣ ਗਏ ਤਾਂ ਖਾਤੇ ਵਿਚ ਪੈਸੇ ਨਹੀਂ ਸਨ।

(For more Punjabi news apart from Punjab News Allegations of 50 crore fraud on AXIS Bank manager, stay tuned to Rozana Spokesman)