ਚੋਣ ਵਿਭਾਗ ਦਾ ਕਾਰਨਾਮਾ : ਐਤਕੀਂ ਲੁਧਿਆਣਾ 'ਚ 265 ਸਾਲਾ ਮਰਦ ਅਤੇ ਮਹਿਲਾ ਵੋਟਰ ਪਾਉਣਗੇ ਵੋਟ
ਲੁਧਿਆਣਾ : ਸਮੇਂ-ਸਮੇਂ ''ਤੇ ਵੋਟਰ ਸੂਚੀਆਂ ''ਚ ਗੜਬੜੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਲੁਧਿਆਣਾ (ਪੂਰਬੀ) ਤੋਂ ਹੈਰਾਨ ਕਰਨ ਵਾਲੀ ਖ਼ਬਰ...
ਲੁਧਿਆਣਾ : ਸਮੇਂ-ਸਮੇਂ ''ਤੇ ਵੋਟਰ ਸੂਚੀਆਂ ''ਚ ਗੜਬੜੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਲੁਧਿਆਣਾ (ਪੂਰਬੀ) ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਚੋਣ ਰਿਕਾਰਡ ਮੁਤਾਬਕ ਐਤਕੀਂ 144 ਸਾਲ ਦਾ ਇੱਕ ਵਿਅਕਤੀ ਅਤੇ 265 ਸਾਲ ਦੇ ਦੋ ਲੋਕ (ਮਹਿਲਾ ਤੇ ਮਰਦ) ਵੋਟ ਪਾਉਣਗੇ। ਇਸ ਤੋਂ ਇਲਾਵਾ ਵੋਟਰ ਸੂਚੀ ਮੁਤਾਬਕ 273 ਲੋਕਾਂ ਦੀ ਉਮਰ 118 ਸਾਲ ਹੈ, ਜੋ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ।
ਲੁਧਿਆਣਾ ਦੀ ਵੋਟਰ ਸੂਚੀ 'ਚ ਇਸ ਵਾਰ 863 ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ। 100 ਤੋਂ ਵੱਧ ਉਮਰ ਵਾਲੇ ਵੋਟਰਾਂ ਦੀ ਸੂਚੀ ਨੇ ਚੋਣ ਅਧਿਕਾਰੀਆਂ ਨੂੰ ਮੁਸ਼ਕਲਾਂ 'ਚ ਪਾ ਦਿੱਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ.ਕੇ. ਰਾਜੂ ਨੇ ਦੱਸਿਆ ਕਿ ਐਤਕੀਂ 5916 ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ ਅਤੇ ਅਜਿਹਾ ਕਾਗ਼ਜ਼ੀ ਗ਼ਲਤੀ ਕਾਰਨ ਹੋਇਆ ਹੈ।
ਇਸ ਮਗਰੋਂ ਜਦੋਂ ਚੋਣ ਅਧਿਕਾਰੀਆਂ ਨੇ ਅਜਿਹੇ ਲੋਕਾਂ ਦੇ ਘਰ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 100 ਸਾਲ ਤੋਂ ਉੱਪਰ ਦੇ ਕੁਲ 57 ਲੋਕਾਂ 'ਚੋਂ 35 ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਦੇ ਉਪ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਵੋਟਰ ਸੂਚੀ 'ਚ ਹੋਈ ਗੜਬੜੀ ਦਾ ਕਾਰਨ ਤਕਨੀਕੀ ਗਲਤੀ ਸੀ। ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਾਰੀ ਹੈ ਅਤੇ ਛੇਤੀ ਹੀ ਇਸ ਨੂੰ ਦਰੁੱਸਤ ਕਰ ਦਿੱਤਾ ਜਾਵੇਗਾ।
ਚੋਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਫ਼ਟਵੇਅਰ ਦੀ ਗੜਬੜੀ ਕਾਰਨ ਕਈ ਵਾਰ ਅਜਿਹੀ ਗਲਤੀ ਹੋ ਜਾਂਦੀ ਹੈ। ਜਿਵੇਂ 273 ਨਵੇਂ ਵੋਟਰ ਨੂੰ 18 ਸਾਲ ਦੀ ਸੂਚੀ 'ਚ ਸ਼ਾਮਲ ਕਰਨਾ ਸੀ, ਪਰ ਸਾਫ਼ਟਵੇਅਰ ਦੀ ਗੜਬੜੀ ਕਾਰਨ 118 ਸਾਲ ਬਣ ਗਿਆ। ਇਨ੍ਹਾਂ ਦਾ ਜਨਮ ਸਾਲ 2000 'ਚ ਹੋਇਆ ਸੀ, ਪਰ ਸੂਚੀ ਮੁਤਾਬਕ ਇਹ ਲੋਕ ਸਾਲ 1900 'ਚ ਜਨਮੇ ਹਨ।