ਵੋਟਰ ਸੂਚੀ ਤੋਂ ਨਾਮ ਕੱਟਣ ਦੀ ਝੂਠੀ ਕਾਲ ਤੋਂ ਸਾਵਧਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਵੋਟਰ ਸੂਚੀ ਵਿਚ ਨਾਮ ਜੋੜਨ ਜਾਂ ਹਟਾਊਣ ਦਾ ਅਧਿਕਾਰ ਸਿਰਫ ਰਜਿਸਟਰਾਰ ਅਧਿਕਾਰੀ ਨੂੰ ਹੈ।

Election Commission of India

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਦਿੱਲੀ ਦੇ ਵੋਟਰਾਂ ਨੂੰ ਵੋਟਰ ਸੂਚੀ ਤੋਂ ਨਾਮ ਕੱਟੇ ਜਾਣ ਦੇ ਫਰਜ਼ੀ ਕਾਲ 'ਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਸ ਬਾਬਤ ਅਪੀਲ ਵੀ ਜਾਰੀ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟਰ ਸੂਚੀ ਨਾਲ ਸਬੰਧਤ ਝੂਠੇ ਫੋਨ ਕੀਤੇ ਜਾ ਰਹੇ ਹਨ।

ਅਜਿਹੀ ਕਾਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕਾਂ ਨੂੰ ਵੋਟਰ ਸੂਚੀ ਤੋਂ ਨਾਮ ਕੱਟਣ ਅਤੇ ਉਹਨਾਂ ਨੂੰ ਫਿਰ ਤੋਂ ਬਹਾਲ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਮਿਲੀਆਂ ਸ਼ਿਕਾਇਤਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਵੋਟਰ ਸੂਚੀ ਵਿਚ ਨਾਮ ਜੋੜਨ ਜਾਂ ਹਟਾਊਣ ਦਾ ਅਧਿਕਾਰ ਸਿਰਫ ਰਜਿਸਟਰਾਰ ਅਧਿਕਾਰੀ ਨੂੰ ਹੈ।

ਵੋਟਰ ਸੂਚੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਕਮਿਸ਼ਨ ਵੋਟਰ ਹੈਲਪਲਾਈਨ ਨੰਬਰ 1950 'ਤੇ ਫੋਨ ਕਰਨ ਅਤੇ ਆਯੋਗੀ ਦੀ ਵੈਬਸਾਈਟ www.nvsp.in 'ਤੇ ਸੰਪਰਕ ਕਰਨ ਨੂੰ ਕਿਹਾ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਰ ਸੂਚੀ ਵਿਚ ਨਾਮ ਨਾ ਮਿਲਣ 'ਤੇ ਕਮਿਸ਼ਨ ਦੀ ਵੈਬਸਾਈਟ 'ਤੇ ਫਾਰਮ-6 ਰਾਹੀਂ ਅਰਜ਼ੀ ਦਿਤੀ ਜਾ ਸਕਦੀ ਹੈ।

ਆਮ ਆਦਮੀ ਪਾਰਟੀ ਕੁਝ ਮਹੀਨਿਆਂ ਤੋਂ ਦਿੱਲੀ ਦੇ 30 ਲੱਖ ਵੋਟਰ ਖਾਸਕਰ ਪੂਰਬੀ ਖੇਤਰ ਦੇ ਲੋਕਾਂ, ਮੁਲਸਮਾਨਾਂ ਅਤੇ ਬਾਣੀਏ ਭਾਈਚਾਰੇ ਦੇ ਲੋਕਾਂ ਦਾ ਨਾਮ ਕੱਟਣ ਦੇ ਪਿਛੇ ਭਾਜਪਾ ਦਾ ਹੱਥ ਦੱਸ ਰਹੀ ਹੈ। ਇਸ ਗੱਲ ਦੇ ਸਬੂਤ ਹਨ ਕਿ ਸਿਰਫ ਦੱਖਣੀ ਦਿੱਲੀ ਲੋਕਸਭਾ ਖੇਤਰ ਤੋਂ ਇਕ ਲੱਖ ਵੋਟਰਾਂ ਦੇ ਨਾਮ ਸੂਚੀ ਤੋਂ ਹਟਾ ਦਿਤੇ ਗਏ ਹਨ।

ਦਿੱਲੀ ਸਰਕਾਰ ਨੇ ਚੋਣ ਕਮਿਸ਼ਨ ਵੱਲੋਂ ਕੱਟੇ ਗਏ ਨਾਵਾਂ ਦੀ ਸੂਚੀ ਵਿਚ ਖਾਮੀਆਂ ਪਾਈਆਂ ਸਨ। ਸੂਚੀ ਤਿਆਰ ਕਰਨ ਵਾਲੇ ਅਧਿਕਾਰੀਆਂ ਵੁਰਧ ਕਮਿਸ਼ਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ। ਚੋਣ ਕਮਿਸ਼ਨ ਦੀ ਸੂਚੀ ਦੀ ਜਾਂਚ ਕਰਨ ਲਈ ਦਿੱਲੀ ਸਰਕਾਰ ਕਮੇਟੀ ਬਣਾਉਣਾ ਚਾਹੁੰਦਾ ਸੀ। ਪਰ ਚੋਣ ਆਯੋਗ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।