ਅਵਾਰਾ ਪਸ਼ੂਆਂ ਕਾਰਨ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਆਸਟ੍ਰੇਲੀਆ ਤੋਂ PR ਹੋ ਕੇ ਪਰਤਿਆ ਸੀ ਮ੍ਰਿਤਕ
ਟਾਂਡਾ ਉੜਮੁੜ- ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਪ੍ਰਵਾਸੀ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਲਸ਼ਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨਜ਼ਦੀਕ ਪੁਰਾਣ ਡਾਕਖਾਨਾ ਉੜਮੁੜ ਦੇ ਰੂਪ ਵਿਚ ਹੋਈ ਹੈ। ਨੌਜਵਾਨ ਆਸਟ੍ਰੇਲੀਆ ਵਿਚ ਪੀਆਰ ਹੋ ਕੇ ਕੁਝ ਦਿਨਾਂ ਪਹਿਲਾਂ ਪਰਤਿਆ ਸੀ। ਟਾਂਡਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ।
ਥਾਣੇਦਾਰ ਮਦਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਗੁਲਸ਼ਨ ਉਨ੍ਹਾਂ ਦਾ ਇਕਲੌਤਾ ਪੁੱਤ ਸੀ। ਉਹ ਬੀਤੀ ਰਾਤ ਆਪਣੀ ਕਾਰ 'ਤੇ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ ਤਾਂ 9 ਵਜੇ ਦੇ ਕਰੀਬ ਹੰਬੜਾਂ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਗਿਆ ਤੇ ਉਸ ਨੂੰ ਬਚਾਉਂਦਿਆ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜਾ ਟਕਰਾਈ ਅਤੇ ਉਸ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ। ਹਾਦਸੇ ਵਿਚ ਗੁਲਸ਼ਨ ਦੀ ਮੌਕੇ 'ਤੇ ਹੀ ਮੌਤ ਹੋ ਗਈ।