Punjab News: ਗੁਰਦਾਸਪੁਰ ਜੇਲ ’ਚ ਹੰਗਾਮੇ ਪਿੱਛੋਂ ਵੱਡੀ ਕਾਰਵਾਈ, ਡਿਪਟੀ ਸੁਪਰਡੈਂਟ ਨੂੰ ਛੁੱਟੀ ’ਤੇ ਭੇਜਿਆ
ਤਿੰਨ ਨਵੇਂ ਡਿਪਟੀ ਸੁਪਰਡੈਂਟ ਕੀਤੇ ਨਿਯੁਕਤ
Punjab News: ਕੇਂਦਰੀ ਜੇਲ ਗੁਰਦਾਸਪੁਰ ’ਚ ਹੰਗਾਮੇ ਤੋਂ ਬਾਅਦ ਭਾਵੇਂ ਹਾਲਾਤ ਆਮ ਵਾਂਗ ਹੋ ਗਏ ਹਨ ਪਰ ਜੇਲ ਵਿਭਾਗ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਛੁੱਟੀ ’ਤੇ ਭੇਜ ਦਿਤਾ ਹੈ। ਇਸ ਤੋਂ ਇਲਾਵਾ ਐੱਸਡੀਐੱਮ ਗੁਰਦਾਸਪੁਰ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਭੰਨਤੋੜ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਟੀਮ ਵੀ ਗਠਿਤ ਕਰ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੇਂਦਰੀ ਜੇਲ ਗੁਰਦਾਸਪੁਰ ’ਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ ਦੇ ਕੁੱਝ ਅਧਿਕਾਰੀਆਂ ਖ਼ਿਲਾਫ਼ ਨਾਰਾਜ਼ਗੀ ਜਤਾਉਂਦੇ ਹੋਏ ਜੇਲ ਦੇ ਇਕ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਜਿੱਥੇ ਕੈਦੀਆਂ ਨੇ ਭੰਨਤੋੜ ਕੀਤੀ, ਉਥੇ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਚਾਰ ਕੈਦੀ ਵੀ ਜ਼ਖ਼ਮੀ ਹੋ ਗਏ। ਮਾਮਲੇ ਨੂੰ ਸੁਲਝਾਉਣ ਲਈ ਪਹੁੰਚੇ ਅਧਿਕਾਰੀਆਂ ਨੇ ਜਦੋਂ ਕੈਦੀਆਂ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਕੁੱਝ ਜੇਲ ਮੁਲਾਜ਼ਮਾਂ ਦੇ ਰਵੱਈਏ ਤੋਂ ਨਾਰਾਜ਼ ਸਨ, ਜਿਸ ਕਾਰਨ ਸਾਰਾ ਵਿਵਾਦ ਪੈਦਾ ਹੋ ਗਿਆ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉਕਤ ਮਾਮਲੇ ਦੇ ਅਗਲੇ ਹੀ ਦਿਨ ਏਡੀਜੀਪੀ ਜੇਲ ਅਰੁਣਪਾਲ ਸਿੰਘ ਨੇ ਪੱਤਰ ਜਾਰੀ ਕਰ ਕੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਛੁੱਟੀ ’ਤੇ ਭੇਜ ਦਿਤਾ ਹੈ। ਉਨ੍ਹਾਂ ਦੀ ਥਾਂ ’ਤੇ ਕਪੂਰਥਲਾ ਵਿਚ ਤਾਇਨਾਤ ਡਿਪਟੀ ਸੁਪਰਡੈਂਟ ਨਵਦੀਪ ਸਿੰਘ ਬੇਹਨੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਜੇਲ ਵਿਚ ਡਿਪਟੀ ਸੁਪਰਡੈਂਟ ਦੀਆਂ ਦੋ ਖ਼ਾਲੀ ਅਸਾਮੀਆਂ ’ਤੇ ਡਿਪਟੀ ਸੁਪਰਡੈਂਟ ਬਠਿੰਡਾ ਦਰਸ਼ਨ ਸਿੰਘ ਤੇ ਡਿਪਟੀ ਸੁਪਰਡੈਂਟ ਗੋਇੰਦਵਾਲ ਮੰਗਲ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਲ ’ਚ ਭੰਨਤੋੜ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਟੀਮ ਦਾ ਗਠਨ ਕੀਤਾ ਗਿਆ ਹੈ, ਜਦਕਿ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਐੱਸਡੀਐੱਮ ਗੁਰਦਾਸਪੁਰ ਨੂੰ ਸੌਂਪ ਦਿਤੀ ਹੈ।
(For more Punjabi news apart from Big action in Gurdaspur Jail incident, stay tuned to Rozana Spokesman)