ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੇ ਬਾਦਲਾਂ ਵਿਰੁੱਧ ਰੋਸ ਹੋਰ ਵਧਾਇਆ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਪ੍ਰਚਾਰ ਦੇ ਗੁਰ-ਸਾਂਝੇ ਕਰਦੇ ਹੋਏ ਸਿਸੋਦੀਆ ਨੇ ਅੰਦਰੂਨੀ ਸਰਵਿਆਂ ਦੇ ਹਵਾਲੇ ਨਾਲ ਕੀਤਾ ਦਾਅਵਾ...

Aap Punjab, Bhagwant Maan

ਸੰਗਰੂਰ : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਸੂਬਾ ਪੱਧਰੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਪਾਰਟੀ ਦੇ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ ਅਤੇ ਹੋਰ ਪ੍ਰਮੁੱਖ ਆਗੂਆਂ ਨਾਲ ਜਿੱਥੇ ਚੋਣ ਪ੍ਰਚਾਰ ਦੇ ਢੰਗ ਤਰੀਕੇ ਸਾਂਝੇ ਕੀਤੇ ਉੱਥੇ ਪਾਰਟੀ ਵੱਲੋਂ ਕਰਵਾਏ ਸਰਵਿਆਂ ਦੇ ਹਵਾਲੇ ਨਾਲ ਦੱਸਿਆ ਕਿ ਧਰਾਤਲ ਪੱਧਰ 'ਤੇ ਲੋਕਾਂ ਦਾ ਆਮ ਆਦਮੀ ਪਾਰਟੀ ਵੱਲ ਪੰਜਾਬ 'ਚ ਦਿੱਲੀ ਨਾਲੋਂ ਵੀ ਜ਼ਿਆਦਾ ਝੁਕਾਅ ਹੈ।

ਸੰਗਰੂਰ ਦੇ ਇੱਕ ਪੈਲੇਸ 'ਚ ਬੰਦ ਕਮਰਾ ਹੋਈ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ 2 ਸਾਲਾਂ 'ਚ ਸੂਬੇ ਦੇ ਲੋਕਾਂ ਨੂੰ ਇਨ੍ਹਾਂ ਜ਼ਿਆਦਾ ਨਿਰਾਸ਼ ਕੀਤਾ ਹੈ ਕਿ ਲੋਕਾਂ 'ਚ ਆਮ ਆਦਮੀ ਪਾਰਟੀ ਪ੍ਰਤੀ ਜ਼ਬਰਦਸਤ ਅੰਡਰ ਕਰੰਟ (ਅੰਦਰੂਨੀ ਝੁਕਾਅ) ਹੈ, ਕਿਉਂਕਿ ਅਕਾਲੀ-ਭਾਜਪਾ ਪਹਿਲਾਂ ਹੀ ਲੋਕਾਂ ਦੇ ਮਨੋਂ ਉਤਰ ਚੁੱਕੇ ਹਨ।

ਮੰਚ 'ਤੇ ਸੂਬਾ ਪ੍ਰਧਾਨ ਭਗਵੰਤ ਮਾਨ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਅਤੇ ਸਾਰੇ ਲੋਕ ਸਭਾ ਉਮੀਦਵਾਰਾਂ ਦੀ ਮੌਜੂਦਗੀ 'ਚ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ 'ਮੈਂ ਹਵਾਈ ਦਾਅਵਾ ਨਹੀਂ ਕਰ ਰਿਹਾ, ਬਰਨਾਲਾ ਰੈਲੀ ਤੋਂ ਬਾਅਦ ਪਾਰਟੀ ਵੱਲੋਂ ਕਰਵਾਏ ਜਾ ਰਹੇ ਅੰਦਰੂਨੀ ਸਰਵਿਆਂ ਅਤੇ ਇਕੱਤਰ ਹੋਏ ਡੈਟਾ (ਅੰਕੜੇ) ਦੇ ਆਧਾਰ 'ਤੇ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਦਾ 'ਆਪ' ਵੱਲ ਝੁਕਾਅ ਤੁਹਾਡੀਆਂ ਉਮੀਦਾਂ ਤੋਂ ਵੱਧ ਹੈ। ਲੋਕ 2019 ਦੀਆਂ ਲੋਕ ਸਭਾ ਦੇ ਨਤੀਜੇ 2014 ਤੋਂ ਵੀ ਸ਼ਾਨਦਾਰ ਹੋਣਗੇ।'

ਸਿਸੋਦੀਆ ਨੇ ਵੱਖ-ਵੱਖ ਹਲਕਿਆਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਕਿਹਾ ਕਿ ਅੱਜ ਵੋਟਰ 'ਆਪ' ਲਈ ਤਿਆਰ-ਬਰ-ਤਿਆਰ ਬੈਠਾ ਹੈ, ਪਰ ਉਹ ਚਾਹੁੰਦਾ ਕਿ 'ਆਪ' ਦੇ ਵਲੰਟੀਅਰਾਂ-ਆਗੂਆਂ 'ਚ ਕੋਈ ਉਨ੍ਹਾਂ ਨੂੰ ਆ ਕੇ ਮਿਲੇ ਤਾਂ ਸਹੀ। ਸਿਸੋਦੀਆ ਨੇ ਚੋਣ ਪ੍ਰਚਾਰ ਲਈ ਸਭ ਤੋਂ ਵੱਧ ਜ਼ੋਰ ਡੋਰ-ਟੂ-ਡੋਰ ਮੁਹਿੰਮ 'ਤੇ ਦਿੱਤਾ।
ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਟੀਵੀ ਲਹਿਰ ਦੀ ਪ੍ਰਵਾਹ ਕੀਤੇ ਬਿਨਾ ਬੂਥ ਮੈਨੇਜਮੈਂਟ ਮਾਈਕਰੋ (ਬਾਰੀਕੀ) ਪੱਧਰ 'ਤੇ ਮਜ਼ਬੂਤ ਕਰਨ 'ਤੇ ਸਾਰਾ ਜ਼ੋਰ ਦਿੱਤਾ।

ਚੋਣ ਪ੍ਰਚਾਰ ਰਣਨੀਤੀ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਿੰਦੇ ਹੋਏ ਮੁਨੀਸ਼ ਸਿਸੋਦੀਆ ਨੇ ਦੱਸਿਆ ਕਿ 26 ਅਪ੍ਰੈਲ ਤੱਕ ਪਾਰਟੀ 26 ਲੱਖ ਪਰਿਵਾਰਾਂ ਨਾਲ ਵੱਖ-ਵੱਖ ਤਰੀਕਿਆਂ ਨਾਲ ਸਿੱਧਾ ਸੰਪਰਕ ਕਰੇਗੀ। ਇਸ ਮੌਕੇ ਉਨ੍ਹਾਂ ਹਰੇਕ ਲੋਕ ਸਭਾ ਹਲਕੇ 'ਚ 2 ਲੱਖ ਪਰਿਵਾਰਾਂ ਨੂੰ ਅਗਲੇ 10 ਦਿਨਾਂ ਤੱਕ ਸਿੱਧੀ ਪਹੁੰਚ ਕਰਨ ਦਾ ਟੀਚਾ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸੰਗਰੂਰ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਵੀ ਵੱਡੀ ਜਿੱਤ ਦੇਣਗੇ।

ਮਾਨ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਅਤੇ ਬੇਅਦਬੀ ਕਾਰਨ ਲੋਕਾਂ ਦੇ ਨੱਕੋਂ-ਬੁੱਲ੍ਹੋਂ ਉੱਤਰੇ ਬਾਦਲਾਂ ਵਿਰੁੱਧ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਨੇ ਹੋਰ ਗ਼ੁੱਸਾ ਵਧਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਆਪਣੇ 5 ਸਾਲਾਂ ਦਾ ਰਿਪੋਰਟ ਕਾਰਡ ਵੀ ਵੀ ਪੇਸ਼ ਕੀਤਾ। ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਸਵਾਮੀਨਾਥਨ ਦੀ ਰਿਪੋਰਟ ਦਿੱਲੀ 'ਚ ਲਾਗੂ ਕਰਨ ਬਾਰੇ ਦੱਸਦਿਆਂ ਕਿਹਾ ਕਿ ਦਿੱਲੀ ਦੇ ਕਿਸਾਨ ਕਰੀਬ 20 ਹਜ਼ਾਰ ਰੁਪਏ ਤੱਕ ਏਕੜ ਕਣਕ ਦਾ ਵੱਧ ਮੁੱਲ ਲੈਣਗੇ। ਮਾਨ ਨੇ ਦਿੱਲੀ ਸਰਕਾਰ ਦੀਆਂ ਸਾਰੀਆਂ ਪ੍ਰਮੁੱਖ ਪ੍ਰਾਪਤੀਆਂ ਗਿਣਾਈਆਂ। ਇਸ ਮੌਕੇ ਅਮਨ ਅਰੋੜਾ ਨੇ ਅਗਲੇ ਦਿਨਾਂ ਦੇ ਚੋਣ ਪ੍ਰਚਾਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਮਾਈਕਰੋ ਮੈਨੇਜਮੈਂਟ 'ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ। 26 ਲੱਖ ਪਰਿਵਾਰਾਂ ਨਾਲ ਸਿੱਧਾ ਸੰਪਰਕ ਇਸੇ ਰਣਨੀਤੀ ਦਾ ਹਿੱਸਾ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਅੰਦਰੂਨੀ ਮਤਭੇਦ ਕੁੱਝ ਲੋਕਾਂ ਦੇ ਪਾਰਟੀ ਤੋਂ ਬਾਹਰ ਜਾਣ ਨਾਲ ਹੀ ਖ਼ਤਮ ਹੋ ਚੁੱਕੇ ਹਨ ਅਤੇ ਹੁਣ ਪਾਰਟੀ ਅਮਲੀ ਤੌਰ 'ਤੇ ਪਹਿਲਾ ਨਾਲੋਂ ਜ਼ਿਆਦਾ ਮਜ਼ਬੂਤ ਹੈ। ਇੱਕ ਜਵਾਬ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨਿਕ ਸੰਸਥਾਵਾਂ ਦਾ ਵਜੂਦ ਖ਼ਤਰੇ 'ਚ ਪਾ ਦਿੱਤਾ ਹੈ।

ਉਨ੍ਹਾਂ ਭਾਰਤੀ ਮੁੱਖ ਚੋਣ ਕਮਿਸ਼ਨ (ਈਸੀਆਈ) ਦੀ ਕਾਰਜਸ਼ੈਲੀ 'ਤੇ ਉਂਗਲ ਉਠਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਤੱਥਾਂ ਨੂੰ ਵੀ ਮੰਨਣ ਤੋਂ ਇਨਕਾਰੀ ਹੈ, ਜੋ ਲੋਕਤੰਤਰ ਵਿਵਸਥਾ ਲਈ ਭਾਰੀ ਖ਼ਤਰਾ ਹੈ। ਸਿਸੋਦੀਆ ਨੇ ਈਵੀਐਮ ਮਸ਼ੀਨਾਂ 'ਤੇ ਵੀ ਉਂਗਲ ਉਠਾਈ ਜਦਕਿ ਗੱਠਜੋੜ ਦੀ ਰਾਜਨੀਤੀ ਬਾਰੇ ਉਨ੍ਹਾਂ ਕਿਹਾ ਕਿ ਹਰ ਸੂਬੇ ਦੀ ਸਥਿਤੀ ਵੱਖਰੀ-ਵੱਖਰੀ ਹੁੰਦੀ ਹੈ।