6 ਕਰੋੜ ਖੁਰਦ-ਬੁਰਦ ਮਾਮਲਾ: ਖੰਨਾ ਪੁਲਿਸ ਮਾਮਲੇ 'ਚ ਹੋਇਆ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਨੂੰ ਐਸਐਸਪੀ ਪਟਿਆਲਾ ਮਨਦੀਪ ਸਿੰਘ ਸੰਧੂ ਨੇ ਸਸਪੈਂਡ ਕਰ ਦਿੱਤਾ ਹੈ...

Khanna Police, SSP Dharuv Dahiya

ਪਟਿਆਲਾ : ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਰੇਡ ਦੌਰਾਨ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੇ ਮਾਮਲੇ ਵਿਚ ਸ਼ਾਮਲ ਪਟਿਆਲਾ ਪੁਲਿਸ ਦੇ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਨੂੰ ਐਸਐਸਪੀ ਪਟਿਆਲਾ ਮਨਦੀਪ ਸਿੰਘ ਸੰਧੂ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੋ ਦੋਵਾਂ ਵਿਰੁੱਧ ਏਅਰਪੋਰਟਸ ‘ਤੇ ਐਲਓਸੀ ਜਾਰੀ ਕਰ ਦਿੱਤਾ ਹੈ। ਐਸਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਅਤੇ ਮੋਹਾਲੀ ਵਿਖੇ ਕੇਸ ਰਜਿਸਟਰਡ ਹੋਣ ਤੋਂ ਬਾਅਦ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਖੰਨਾ ਪੁਲਿਸ ਵੱਲੋਂ 31 ਮਾਰਚ ਨੂੰ ਦਾਅਵਾ ਕੀਤਾ ਗਿਆ ਸੀ ਕਿ ਸੜਕ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਐਂਥਨੀ ਨਾਂ ਦੇ ਪਾਦਰੀ ਕੋਲੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ। ਅਗਲੇ ਦਿਨ ਪਾਦਰੀ ਐਂਥਨੀ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਖੰਨਾ ਪੁਲਿਸ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦੇ ਦੋਸ਼ਾਂ ਵਿਚ ਘਿਰ ਗਈ ਸੀ।

ਰੇਡ ਵਿਚ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਸ਼ਾਮਲ ਸਨ। ਪੁਲਿਸ ਨੇ ਰੇਡ ਦੀ ਆਮਦਨ ਕਰ ਵਿਭਾਗ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਆਈਜੀ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਜਾ ਰਹੀ ਹੈ। ਇਸ ਵਿਚ ਮੁੱਢਲੀ ਜਾਂਚ ਤੋਂ ਬਾਅਦ ਕੇਸ ਦਰਜ ਹੋ ਚੁੱਕਾ ਹੈ। ਜਿੱਥੋਂ ਤੱਕ ਕਿ ਏਐਸਆਈ ਜੋਗਿੰਦਰ ਸਿਘ ਅਤੇ ਏਐਸਆਈ ਰਾਜਪ੍ਰੀਤ ਸਿੰਗ ਦਾ ਸਵਾਲ ਹੈ, ਦੋਵਾਂ ਦੀ ਡੀਜੀਪੀ ਵੱਲੋਂ ਆਰਜ਼ੀ ਤਾਇਨਾਤੀ ਖੰਨਾ ਵਿਖੇ ਕੀਤੀ ਗਈ ਸੀ।

ਡੀਜੀਪੀ ਦਫ਼ਤਰ ਦਾ ਦਾਅਵਾ ਹੈ ਕਿ ਇਹ ਹੁਕਮ ਜਾਰੀ ਨਹੀਂ ਹੋਏ ਸਨ। ਕਿਸੇ ਪੁਲਿਸ ਮੁਲਾਜ਼ਮ ਨੇ ਵਟਸਐਪ ਰਾਹੀਂ ਫੋਟੋ ਹਾਸਲ ਕੀਤੀ ਸੀ। ਉਸ ਦੇ ਆਧਾਰ ‘ਤੇ ਹੀ ਦੋਵੇ ਰਵਾਨਗੀ ਰਿਪੋਰਟ ਪਵਾ ਕੇ ਚਲੇ ਗਏ। ਜਾਂਚ ਵਿਚ ਪਾਇਆ ਗਿਆ ਕਿ ਅਧਿਕਾਰਤ ਹੁਕਮ ਜਾਰੀ ਨਾ ਹੋਣ ਕਾਰਨ ਦੋਵੇਂ ਡਿਊਟੀ ਤੋਂ ਗੈਰ ਹਾਜ਼ਰ ਚਲੇ ਆ ਰਹੇ ਹਨ। ਇਨ੍ਹਾਂ ਵਿਚੋਂ ਏਐਸਆਈ ਜੋਗਿੰਦਰ ਸਿੰਘ ਮਵੀ ਕਲਾਂ ਪੁਲਿਸ ਚੌਂਕੀ ਅਤੇ ਰਾਜਪ੍ਰੀਤ ਸਿੰਘ ਥਾਣਾ ਸਨੌਰ ਵਿਖੇ ਤਾਇਨਾਤ ਸੀ।

 ਹੁਣ ਤੱਕ ਹੋਈ ਜਾਂਚ ਵਿਚ ਸਾਹਮਣੇ ਆਇਆ ਕਿ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਿੱਧੇ ਤੌਰ ‘ਤੇ ਖੰਨਾ ਪੁਲਿਸ ਦੇ ਸੰਪਰਕ ਵਿਚ ਸਨ। ਇਹ ਕਈ ਸਵਾਲ ਖੜ੍ਹੇ ਕਰਦਾ ਹੈ। ਦੋਵੇਂ ਏਐਸਆਈ (ਸੀਆਈਏ) ਪਟਿਆਲਾ ਵਿਚ ਕਾਫ਼ੀ ਸਮਾਂ ਕੰਮ ਕਰ ਚੁੱਕਾ ਹਨ। ਪਟਿਆਲਾ ਪੁਲਿਸ ਵੱਲੋਂ ਹੁਣ ਇਨ੍ਹਾਂ ਦੋਨਾਂ ਦੇ ਪੁਰਾਣੇ ਕੇਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।