ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਪਰਿਵਾਰ ਨੇ ਲਾਇਆ ਧਰਨਾ

Jasveer Singh

ਮਾਨਸਾ (ਪਰਮਦੀਪ ਸਿੰਘ): ਸਥਾਨਕ ਪਿੰਡ ਗਾਗੋਵਾਲ ਵਿਖੇ ਇਕ 25 ਸਾਲਾ ਨੌਜਵਾਨ ਜਸਵੀਰ ਸਿੰਘ ਵੱਲੋਂ ਪ੍ਰੇਮ ਸਬੰਧਾਂ ਦੇ ਚਲਦਿਆਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੋਲੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬਠਿੰਡਾ ਦੇ ਪਿੰਡ ਕੁੱਬੇ ਦੀ ਇਕ ਲੜਕੀ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਸਲਫਾਸ ਖਾ ਕੇ ਅਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਪਰਿਵਾਰ ਵੱਲੋਂ ਲੜਕੀ ਖਿਲਾਫ਼ ਕਾਰਵਾਈ ਲਈ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੜਕੀ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਵੀਰ ਸਿੰਘ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਉਸ ਦੇ ਪਿੰਡ ਕੁੱਬੇ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਸੰਬੰਧ ਸਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਨੇ ਜਸਵੀਰ ਸਿੰਘ ਦਾ ਆਰਥਕ ਤੇ ਮਾਨਸਿਕ ਸ਼ੋਸ਼ਣ ਕੀਤਾ ਹੈ। ਉਹਨਾਂ ਕਿਹਾ ਕਿ ਮ੍ਰਿਤਕ ਨੇ ਸੁਸਾਇਡ ਨੋਟ ਵਿਚ ਲੜਕੀ ’ਤੇ ਇਲਜ਼ਾਮ ਲਗਾਏ ਹਨ।

ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਸੁਸਾਇਡ ਨੋਟ ਦੇ ਅਧਾਰ ’ਤੇ ਦੋਸ਼ੀ ਲੜਕੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।  ਮਾਮਲੇ ਸਬੰਧੀ ਐਸਐਚਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮਾਨਸਾ ਸਿਟੀ 2 ਨੇ ਲੜਕੀ ਖਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।