ਆਪਣੀਆਂ ਔਲਾਦਾਂ ਤੇ ਕਰੀਬੀਆਂ ਦੇ ਦੁਰਕਾਰੇ ਬਜ਼ੁਰਗਾਂ ਨੇ ਫਰੋਲੇ ਦੁੱਖੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਨੂੰ ਪੁੱਤ ਨੇ ਘਰੋਂ ਭਜਾਇਆ, ਕਿਸੇ ਪਿਓ ਦੀ ਪੁੱਤ ਨੇ ਫੜੀ ਦਾੜ੍ਹੀ

The elderly, estranged from their children and loved ones, suffered greatly.

ਜ਼ਿਲ੍ਹਾ ਸੰਗਰੂਰ ਦਾ ਪਿੰਡ ਬਡਰੁੱਖਾਂ ਜੋ ਇਕ ਇਤਿਹਾਸਕ ਪਿੰਡ ਹੈ। ਦਸਿਆ ਜਾਂਦਾ ਹੈ ਕਿ ਇਸ ਪਿੰਡ ਵਿਚ ਮਾਹਾਂਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਇਸ ਵਿਚ ਇਕ ਨਵੀਂ ਕਹਾਣੀ ਲਿਖੀ ਜਾ ਰਹੀ ਹੈ। ਇਹ ਕਹਾਣੀ ਇਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੇਸ਼ ਦੀ ਹੈ। ਪਹਿਲਾਂ ਲੋਕ ਆਪਣੇ ਬਜ਼ੁਰਗਾਂ ਨੂੰ ਪਿਆਰ ਸਤਿਕਾਰ ਦਿੰਦੇ ਸੀ, ਆਪਣੇ ਨਾਲ ਰੱਖਦੇ ਸੀ, ਪਰ ਅੱਜ ਦੇ ਜਮਾਨੇ ਵਿਚ ਬਜ਼ੁਰਗ ਮਾਪਿਆਂ ਨੂੰ ਘਰ ਤੋਂ ਕੱਢ ਦਿਤਾ ਜਾਂਦਾ ਹੈ, ਜੋ ਵਿਰਧ ਆਸ਼ਰਮਾਂ ਵਿਚ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ।

ਜਿਸ ਕਰ ਕੇ ਸਾਡੇ ਦੇਸ਼ ਵਿਚ ਬਹੁਤ ਜ਼ਿਆਦਾ ਵਿਰਧ ਆਸ਼ਰਮ ਖੋਲ੍ਹੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਵਿਚ ਇਕ ਬਿਰਧ ਆਸ਼ਰਮ (ਡਾ. ਨਰਿੰਦਰ ਸਿੰਘ ਵਿਰਧ ਆਸ਼ਰਮ ਟਰਸਟ ਬਡਰੁੱਖਾਂ ਸੰਗਰੂਰ) ਖੁਲ੍ਹਿਆ ਗਿਆ ਹੈ। ਸੰਗਰੂਰ ਤੋਂ ਬਰਨਾਲੇ ਜਾਂਦੇ ਹੋਏ ਰਾਸਤੇ ਵਿਚ ਇਹ ਆਸ਼ਰਮ ਆਉਂਦਾ ਹੈ। ਇਸ ਆਸ਼ਰਮ ਵਿਚ ਬਜ਼ੁਰਗਾਂ ਨੂੰ ਕਿਉਂ ਆਉਣਾ ਪੈਂਦਾ ਹੈ? ਕਿਉਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਸੰਭਾਲ ਨਹੀਂ ਪਾਉਂਦੇ? ਜਿਹੜੇ ਮਾਪੇ ਬੱਚਿਆਂ ਨੂੰ ਪਾਲਦੇ, ਪੜ੍ਹਾਉਂਦੇ ਲਿਖਾਉਂਦੇ ਤੇ ਆਪਣੇ ਪੈਰਾਂ ’ਤੇ ਖੜਾ ਕਰਦੇ ਹਨ,

ਜਿਹੜੀ ਮਾਂ 9 ਮਹੀਨੇ ਬੱਚੇ ਨੂੰ ਆਪਣੇ ਪੇਟ ਵਿਚ ਪਾਲਦੀ ਹੈ ਉਨ੍ਹਾਂ ਨੂੰ ਆਖ਼ਰੀ ਸਮੇਂ ਵਿਚ ਜਦੋਂ ਪਰਿਵਾਰ, ਆਪਣੇ ਬੱਚਿਆਂ ਦਾ ਸਹਾਰਾ ਚਾਹੀਦਾ ਹੁੰਦਾ ਹੈ, ਉਦੋਂ ਕਿਉਂ ਬੱਚੇ, ਪਰਿਵਾਰ ਤੇ ਸਾਡੀਆਂ ਸਰਕਾਰਾਂ ਹੱਥ ਖੜੇ ਕਰ ਦਿੰਦੇ ਹਨ। ਅਜਿਹੇ ਹੀ ਬਜ਼ੁਰਗਾਂ ਨੂੰ ਮਿਲਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਬਡਰੁੱਖਾਂ ਦੇ ਬਿਰਧ ਆਸ਼ਰਮ ਵਿਚ ਪਹੁੰਚੀ। ਜਿਥੇ ਸੰਸਥਾ ਨੂੰ ਚਲਾਉਣ ਵਾਲੇ ਜਿਨ੍ਹਾਂ ਨਾਮ ਗੋਸ਼ਲ ਨੇ ਕਿਹਾ ਕਿ ਇਹ ਜਗ੍ਹਾਂ ਡਾ. ਨਰਿੰਦਰ ਸਿੰਘ ਦੀ ਸੀ ਜਿੱਥੇ ਅਸੀਂ ਇਹ ਆਸ਼ਰਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੋ ਦਾਨੀ ਸੱਜਣ ਇਥੇ ਦਾਨ ਕਰਦੇ ਹਨ ਉਸ ਨਾਲ ਇਹ ਆਸ਼ਰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਆਸ਼ਰਮ ਵਿਚ ਬੇਸਹਾਰਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਆ ਕੇ ਰਹਿ ਰਹੇ ਹਨ। ਜਿਹੜੇ ਬੱਚੇ ਆਉਂਦੇ ਹਨ ਉਨ੍ਹਾਂ ਦੇ ਮਾਪਿਆਂ ਨੂੰ ਲੱਭ ਕੇ ਬੱਚੇ ਉਨ੍ਹਾਂ ਨੂੰ ਸੌਂਪ ਦਿਤੇ ਜਾਂਦੇ ਹਨ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਜ਼ੁਰਗ ਆਉਂਦੇ ਹਨ ਉਨ੍ਹਾਂ ਨੂੰ ਵੀ ਘਰ ਪਹੰਚਾਇਆ ਜਾਵੇ ਤੇ ਪਰਿਵਾਰ ਵਿਚ ਵਸਾਇਆ ਜਾਵੇ। ਸਾਡੇ ਵਲੋਂ ਬਜ਼ੁਰਗਾਂ ਤੇ ਉਨ੍ਹਾਂ ਦੇ ਪਰਿਵਾਰ ਬੱਚਿਆਂ ਨੂੰ ਕਾਸਲਿੰਗ ਰਾਹੀਂ ਸਮਝਾਇਆ ਜਾਂਦਾ ਹੈ ਤੇ ਬਜ਼ੁਰਗਾਂ ਨੂੰ ਪਰਿਵਾਰ ਤਕ ਪਹੁੰਚਾਇਆ ਜਾਂਦਾ ਹੈ। ਪਿੰਡ ਖੇਤਲਾ ਦੇ ਬਜ਼ੁਰਗ ਸੁਰਜੀਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਸਭ ਕੁੱਝ ਹੈ ਪਰ ਸਹਾਰਾ ਕਿਸੇ ਦਾ ਨਹੀਂ ਹੈ।

ਮੈਂ ਗੱਡੀ ਚਲਾਉਂਦਾ ਹੁੰਦਾ ਸੀ ਤੇ ਮੇਰੇ ਤਿੰਨ ਬੱਚੇ ਹਨ ਜਿਨ੍ਹਾਂ ਵਿਚ ਇਕ ਲੜਕਾ ਤੇ ਦੋ ਲੜਕੀਆਂ ਹਨ ਤੇ ਸਾਰੇ ਵਿਆਹੇ ਹੋਏ ਹਨ। ਜਦੋਂ ਪਤਨੀ ਹੀ ਸਾਥ ਛੱਡ ਦੇਵੇ ਤਾਂ ਬੱਚੇ ਕੀ ਕਰਨਗੇ। ਮੈਂ ਕਈ ਦਿਨ ਸੜਕਾਂ ’ਤੇ ਘੁੰਮਦਾ ਰਿਹਾ ਤੇ ਬਾਅਦ ਵਿਚ ਇਕ ਵਿਅਕਤੀ ਮੈਨੂੰ ਇਥੇ ਛੱਡ ਕੇ ਗਿਆ। ਇਕ ਹੋ ਬਜ਼ੁਰਗ ਨੇ ਕਿਹਾ ਕਿ ਮੇਰਾ ਨਾਮ ਪ੍ਰੀਤਮ ਸਿੰਘ ਹੈ ਤੇ ਮੈਂ ਪਿੰਡ ਦੁੱਗਾਂ ਦਾ ਰਹਿਣ ਵਾਲਾ ਹਾਂ, ਮੈਂ ਆਪਣੇ ਪਰਿਵਾਰ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਇਥੇ ਰਹਿ ਕੇ ਬਹੁਤ ਖ਼ੁਸ਼ ਹਾਂ। ਇਕ ਹੋਰ ਬਜ਼ੁਰਗ ਨੇ ਕਿਹਾ ਕਿ ਮੇਰਾ ਨਾਮ ਬਲਦੇਵ ਸਿੰਘ ਹੈ ਤੇ ਮੇਰੀ ਉਮਰ 92 ਸਾਲ ਹੈ ਤੇ ਪਿੰਡ ਹਮੀਦੀ ਦਾ ਰਹਿਣ ਵਾਲਾ ਹਾਂ।

ਮੇਰਾ ਇਕ ਮੁੰਡਾ ਹੈ ਜੋ ਮੇਰੀ ਕੁੱਟ ਮਾਰ ਕਰਦਾ ਤੇ ਮੇਰੀ ਦਾੜੀ ਪੱਟਦਾ ਸੀ। ਮੈਂ 3 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ ਤੇ ਮੈਨੂੰ ਅੱਜ ਤਕ ਕੋਈ ਮਿਲਣ ਨਹੀਂ ਆਇਆ। ਇਥੇ ਵਧੀਆ ਟਾਈਮ ਲੰਘ ਰਿਹਾ ਹੈ। ਇਕ ਹੋਰ ਬਜ਼ੁਰਗ ਨੇ ਕਿਹਾ ਕਿ ਮੇਰਾ ਪਿੰਡ ਅਜਨਾਲ ਹੈ ਮੈਂ ਖੇਤੀ ਕਰਦਾ ਸੀ। ਮੇਰੇ ਕੋਲ 30 ਤੋਂ 40 ਬਿਘੇ ਜ਼ਮੀਨ ਸੀ ਜੋ ਮੇਰੇ ਮੁੰਡੇ ਦੇ ਨਾਂ ਹੈ। ਜਿਸ ਤੋਂ ਬਾਅਦ ਮੈਨੂੰ ਘਰੋਂ ਕੱਢ ਦਿਤਾ ਗਿਆ। ਇਕ ਹੋਰ ਬਜ਼ੁਰਗ ਨੇ ਕਿਹਾ ਕਿ ਮੈਂ ਜ਼ਿਲ੍ਹਾਂ ਬਠਿੰਡ ਦੇ ਪਿੰਡ ਦਿਆਲਪੁਰਾ ਦਾ ਰਹਿਣ ਵਾਲਾ ਹਾਂ। ਮੇਰਾ ਵਿਆਹ ਨਹੀਂ ਹੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਘਰੋਂ ਕੱਢ ਦਿਤਾ ਹੈ।

ਇਥੇ ਮੇਰਾ ਇਕ ਰਿਸ਼ਤੇਦਾਰ ਛੱਡ ਕੇ ਗਿਆ ਹੈ ਤੇ ਮੈਂ ਇਥੇ ਬਹੁਤ ਖ਼ੁਸ਼ ਹਾਂ। ਮੈਂ ਇਥੇ ਦੋ ਸਾਲ ਤੋਂ ਰਹਿ ਰਿਹਾ ਹਾਂ। ਇਕ ਹੋਰ ਬਜ਼ੁਰਗ ਬਲਵੀਰ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਦੀ ਮੌਤ ਹੋ ਗਈ ਸੀ। ਮੈਂ ਮਕੈਨੀਕਲ ਦਾ ਕੰਮ ਕਰਦਾ ਸੀ ਤੇ ਆਪਣੇ ਬੇਟੇ ਨੂੰ ਵੀ ਆਪਣੇ ਨਾਲ ਕੰਮ ਕਰਨ ਲਈ ਕਹਿੰਦਾ ਹੁੰਦਾ ਸੀ ਪਰ ਉਹ ਕਹਿੰਦਾ ਸੀ ਕਿ ਇਹ ਕੰਮ ਮੇਰੇ ਪੱਲੇ ਨਹੀਂ ਪੈਂਦਾ ਤੇ ਉਹ ਹੁਣ ਆਪਦਾ ਕੰਮ ਕਰਦਾ ਹੈ ਮੇਰੇ ਰਿਸ਼ਤੇਦਾਰਾਂ ਨੇ ਸਾਡੇ ਵਿਚ ਫੁੱਟ ਪਵਾ ਦਿਤੀ ਜਿਸ ਤੋਂ ਬਾਅਦ ਉਹ ਮੈਨੂੰ ਇਥੇ ਛੱਡ ਕੇ ਚਲੇ ਗਏ। ਹੁਣ ਅਸੀਂ ਇਥੇ ਇਕ ਪਰਿਵਾਰ ਵਾਂਗ ਰਹਿੰਦੇ ਹਾਂ, ਸਾਨੂੰ ਖਾਣ ਪੀਣ ਤੇ ਰਹਿਣ ਲਈ ਸਭ ਕੁੱਝ ਇਥੇ ਮਿਲਦਾ ਹੈ। ਅਸੀਂ ਸਾਰੇ ਇਥੇ ਰਹਿ ਕੇ ਬਹੁਤ ਖ਼ੁਸ਼ ਹਾਂ।