ਕੈਪਟਨ ਵੱਲੋਂ ਸਿੰਘਾਂ ਦੀ ਯਾਦ 'ਚ ਬਰਗਾੜੀ ਵਿਖੇ ਸ਼ਹੀਦੀ ਯਾਦਗਾਰਾਂ ਬਣਾਉਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਪਿੰਡ ਵਿਚ ਕਾਂਗਰਸ ਪਾਰਟੀ ਨੇ ਚੋਣ ਰੈਲੀ ਕੀਤੀ

Congress election rally at Faridkot

ਫ਼ਰੀਦਕੋਟ : ਬੇਅਦਬੀ ਕਾਂਡ ਵਿਰੁੱਧ ਅੰਦੋਲਨ ਦਾ ਅਖਾੜਾ ਬਣੇ ਬਰਗਾੜੀ ਪਿੰਡ ਵਿਚ ਅੱਜ ਕਾਂਗਰਸ ਪਾਰਟੀ ਨੇ ਚੋਣ ਰੈਲੀ ਕੀਤੀ। ਇਸ ਮੌਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੇ ਕਈ ਵੱਡੇ ਆਗੂ ਪਹੁੰਚੇ ਹੋਏ ਸਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਚੋਣਾਂ ਜਿੱਤਣ ਮਗਰੋਂ ਉਹ ਬਰਗਾੜੀ ਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੰਘਾਂ ਦੀ ਯਾਦ 'ਚ ਸ਼ਹੀਦੀ ਯਾਦਗਾਰਾਂ ਬਣਾਉਣਗੇ।

ਕੈਪਟਨ ਨੇ ਕਿਹਾ, "ਬੇਅਦਬੀ ਅਤੇ ਬਰਗਾੜੀ ਕਾਂਡ ਲਈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੋਸ਼ੀ ਹਨ। ਜੇ ਮੇਰੀ ਸਰਕਾਰ 'ਚ ਕਿਤੇ ਗੋਲੀ ਚੱਲੇ ਅਤੇ ਮੈਨੂੰ ਨਾ ਪਤਾ ਹੋਵੇ ਤਾਂ ਮੈਂ ਖ਼ੁਦ ਨੂੰ ਨਾਕਾਬਲ ਮੁੱਖ ਮੰਤਰੀ ਕਹਾਂਗਾ। ਜੇ ਕਿਸੇ ਫ਼ੌਜੀ ਨੂੰ ਸਰਹੱਦ 'ਤੇ ਗੋਲੀ ਚਲਾਉਣੀ ਪੈਂਦੀ ਹੈ ਤਾਂ ਉਸ ਨੂੰ ਵੀ ਮੈਜਿਸਟ੍ਰੇਟ ਹੁਕਮ ਦਿੰਦਾ ਹੈ, ਪਰ ਬਾਦਲ ਸਰਕਾਰ ਸਮੇਂ ਕਿਵੇਂ ਇਕ ਐਸ.ਪੀ. ਕੀਰਤਨ 'ਤੇ ਬੈਠੇ ਲੋਕਾਂ ਉਤੇ ਗੋਲੀ ਚਲਾਉਣ ਦਾ ਆਦੇਸ਼ ਦੇ ਸਕਦਾ ਹੈ? ਅਕਾਲੀ ਸਰਕਾਰ ਸਮੇਂ ਸੂਬੇ 'ਚ 58 ਸ੍ਰੀ ਗੁਰੂ ਗ੍ਰੰਥ ਸਾਹਿਬ, 47 ਗੁਟਕਾ ਸਾਹਿਬ, 23 ਭਗਵਤ ਗੀਤਾ, 5 ਕੁਰਾਨ ਸ਼ਰੀਫ਼ ਅਤੇ 1 ਬਾਈਬਲ ਦੀ ਬੇਅਦਬੀ ਹੋਈ।"

ਮੁੱਖ ਮੰਤਰੀ ਨੇ ਕਿਹਾ, "ਪਰਕਾਸ਼ ਸਿੰਘ ਬਾਦਲ ਕਹਿ ਰਹੇ ਹਨ ਕਿ ਲੋਕ ਬੇਅਦਬੀ ਦੀ ਘਟਨਾ ਨੂੰ ਭੁੱਲ ਚੁੱਕੇ ਹਨ, ਪਰ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ। ਹਰੇਕ ਪਿੰਡ 'ਚ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਵਿਰੋਧ ਹੋ ਰਿਹਾ ਹੈ। ਬਰਗਾੜੀ 'ਚ ਸ਼ਹੀਦ ਹੋਏ ਦੋ ਸਿੰਘਾਂ ਦੀ ਯਾਦ 'ਚ ਯਾਦਗਾਰਾਂ ਬਣਨਗੀਆਂ। ਯਾਦਗਾਰ ਬਣਾਉਣ ਲਈ ਇਕ ਕਮੇਟੀ ਬਣੇਗੀ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਲੋਕ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ, ਜੋ ਲੋਕਾਂ ਦੀ ਭਲਾਈ ਲਈ ਕੰਮ ਕਰੇ, ਨਾ ਕਿ ਕੁਝ ਕੁ ਧਨਾਢਾਂ ਲਈ। ਸੱਤਾ 'ਚ ਆਉਣ ਲਈ ਮੋਦੀ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ, ਪਰ ਇਸ ਵੀ ਪੂਰਾ ਨਾ ਕੀਤਾ। 

ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਕਸਬਾ ਬਰਗਾੜੀ ਅਧੀਨ ਆਉਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼ਰਾਰਤੀ ਅੰਨਸਰਾਂ ਵੱਲੋਂ ਦਿਨ ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰ ਲਏ ਸਨ ਅਤੇ ਉਸ ਤੋਂ ਬਾਅਦ ਬਰਗਾੜੀ ਤੋਂ ਇਲਾਵਾ ਪੰਜਾਬ ਭਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ।

ਬੇਅਦਬੀ ਦੇ ਰੋਸ 'ਚ ਬਹਿਬਲ ਕਲਾਂ ਵਿਖੇ ਕੌਮੀ ਸ਼ਾਹ ਮਾਰਗ ਨੰਬਰ-15 ਬੱਸ ਸਟੈਂਡ ਉੱਪਰ ਲੱਗੇ ਸ਼ਾਂਤਮਾਈ ਧਰਨੇ ਉੱਪਰ ਉਸ ਸਮੇਂ ਦੀ ਬਾਦਲ ਸਰਕਾਰ ਦੇ ਹੁਕਮਾਂ ਤੇ ਬਾਦਲ ਸਰਕਾਰ ਦੀ ਭੂਤਰੀ ਪੁਲਿਸ ਨੇ ਸ਼ਾਂਤਮਾਈ ਧਰਨੇ ਉੱਪਰ ਬੈਠੀਆਂ ਸਿੱਖ ਸੰਗਤਾਂ ਉੱਪਰ ਅੰਨੇਵਾਹ ਡਾਗਾਂ ਵਰਾਈਆਂ ਜਿਸ 'ਚ ਬਹੁਤ ਸਾਰੀਆਂ ਸਿੱਖ ਸੰਗਤਾਂ ਜ਼ਖ਼ਮੀ ਕਰ ਦਿੱਤੀਆਂ ਅਤੇ ਗੋਲੀਆਂ ਦੀਆਂ ਬੁਛਾੜਾਂ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰ ਦਿੱਤਾ ਸੀ।