'ਨਕੋਦਰ ਅਤੇ ਬਰਗਾੜੀ ਵਰਗੇ ਬੇਅਦਬੀ ਕਾਂਡ ਵਾਪਰਦੇ ਨਹੀਂ, ਜਾਣ-ਬੁਝ ਕੇ ਕੀਤੇ ਜਾਂਦੇ ਹਨ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਯੂਨਾਈਟਿਡ ਸਿੱਖ ਮੂਵਮੈਂਟ ਦੇ ਅਹੁਦੇਦਾਰਾਂ ਨੇ ਵੱਡੇ ਬਾਦਲ ਨੇ ਬਿਆਨ ਦੀ ਕੀਤੀ ਨਿਖੇਧੀ

United Sikh Movement

ਫ਼ਿਰੋਜ਼ਪੁਰ : ਯੂਨਾਈਟਿਡ ਸਿੱਖ ਮੂਵਮੈਂਟ ਦੇ ਚੇਅਰਮੈਨ ਡਾ. ਭਗਵਾਨ ਸਿੰਘ, ਸਕੱਤਰ ਜਨਰਲ ਕੈਪਟਨ ਚੰਨਣ ਸਿੰਘ ਸਿੱਧੂ, ਵਾਇਸ ਚੇਅਰਮੈਨ ਗੁਰਨਾਮ ਸਿੰਘ ਸਿੱਧੂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਨੇ ਵੱਡੇ ਬਾਦਲ ਵਲੋਂ ਜਲੰਧਰ ਵਿਚ ਨਕੋਦਰ ਬੇਅਦਬੀ ਕਾਂਡ ਦੇ ਦਿਤੇ ਬਿਆਨ ਨੂੰ ਸਿਰੇ ਦੀ ਬੇਸ਼ਰਮੀ ਭਰਿਆ ਦਸਦਿਆਂ, ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਬਿਆਨ ਹੈ ਜਿਸ ਤਰ੍ਹਾਂ ਸੈਮ ਪਿਤਰੋਦਾ ਨੇ ਦਿੱਲੀ ਸਿੱਖ ਨਸਲਕੁਸ਼ੀ ਬਾਰੇ ਕਿਹਾ ਹੈ ਕਿ '84 ਵਿਚ ਜੋ ਹੋਇਆ ਸੋ ਹੋਇਆ।' ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਵੇਂ ਉਹ ਕਾਂਗਰਸੀ ਸੈਮ ਪਿਤਰੋਦਾ ਹੋਵੇ ਜਾਂ ਅਕਾਲੀ ਬਾਦਲ, ਇਨ੍ਹਾਂ ਸਾਰੇ ਲੀਡਰਾਂ ਦੀ ਮਾਨਸਿਕਤਾ ਸਿੱਖਾਂ ਬਾਰੇ ਇਕੋ ਜਿਹੀ ਹੈ ਅਤੇ ਸਿੱਖਾਂ ਨੂੰ ਇਨਸਾਫ਼ ਤਾਂ ਕੀ ਦੇਣਾ ਹੈ, ਉਲਟਾ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।

ਫ਼ਿਰੋਜ਼ਪੁਰ ਪ੍ਰੈਸ ਕਲੱਬ ਵਿਚ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਮੂਵਮੈਂਟ ਆਗੂਆਂ ਨੇ ਸੀਨੀਅਰ ਬਾਦਲ ਨੂੰ ਸਿੱਧੇ ਸੰਬੋਧਨ ਹੁੰਦਿਆਂ ਕਿਹਾ ਕਿ ਅਜਿਹੇ ਬੇਅਦਬੀ ਕਾਂਡ ਵਾਪਰਦੇ ਨਹੀਂ ਸਗੋਂ ਜਾਣ-ਬੁਝ ਕੇ ਕੀਤੇ ਜਾਂਦੇ ਹਨ ਅਤੇ ਤਰਾਸਦੀ ਦੀ ਗੱਲ ਇਹ ਹੈ ਕਿ ਜਦ ਵੀ ਅਜਿਹਾ ਘੋਰ ਬੇਅਦਬੀ ਕਾਂਡ ਵਾਪਰਦਾ ਹੈ, ਉਦੋਂ ਪੰਜਾਬ ਵਿਚ ਅਖੌਤੀ ਅਕਾਲੀ ਸਰਕਾਰ ਹੀ ਹੁੰਦੀ ਹੈ ਅਤੇ ਬਾਦਲ ਸਾਹਿਬ ਮੁੱਖ ਭੂਮਿਕਾ ਵਿਚ ਹੁੰਦੇ ਹਨ। ਹੁਣ ਬਾਦਲਾਂ ਨੂੰ ਇਹ ਦਸਣ ਦਾ ਵੇਲਾ ਆ ਗਿਆ ਹੈ ਕਿ ਜੇ ਅਜਿਹੀਆਂ ਬੇਅਦਬੀਆਂ ਹੁੰਦੀਆਂ ਰਹਿੰਦੀਆਂ ਹਨ ਤਾਂ ਸਿੱਖ ਵੀ ਅਪਣੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਂਜ ਹੀ ਪੈਰਾਂ ਵਿਚ ਰੋਲ ਕੇ ਰੱਖ ਦਿੰਦੇ ਹਨ।

ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਵੋਟਰਾਂ ਦੇ ਨਾਲ-ਨਾਲ ਕਾਂਗਰਸੀ ਆਗੂਆਂ ਨੂੰ ਵੀ ਵੱਡੀਆਂ ਰਕਮਾਂ ਦੇ ਕੇ ਖ਼ਰੀਦ ਰਿਹਾ ਹੈ ਕਿ ਉਹ ਅਪਣੇ ਉਮੀਦਵਾਰਾਂ ਦੇ ਹੱਕ ਵਿਚ ਮੁਹਿੰਮ ਨਾ ਚਲਾਉਣ, ਅਜਿਹੇ ਸਮੇਂ ਅਸੀਂ ਬਠਿੰਡਾ ਅਤੇ ਫ਼ਿਰੋਜ਼ਪੁਰ ਦੇ ਸਮੂਹ ਵੋਟਰਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਕਿ ਅੱਜ ਦੀ ਘੜੀ ਤੁਸੀਂ ਜੱਜ ਹੋ ਅਤੇ ਬਾਦਲ ਦਾ ਪਿਛਲਾ ਚਾਲੀ ਸਾਲ ਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਹੈ, ਜੋ ਤੁਹਾਨੂੰ ਪੰਥ ਦੇ ਨਾਂ 'ਤੇ ਗੁੰਮਰਾਹ ਕਰਦੇ ਆਏ ਹਨ, ਪਰ ਅੱਜ ਪੂਰਾ ਸਿੱਖ ਪੰਥ ਤੁਹਾਡੇ ਮੂੰਹਾਂ ਵਲ ਵੇਖ ਰਿਹਾ ਹੈ ਅਤੇ ਸ਼ਬਦ ਗੁਰੂ ਦੀ ਬੇਅਦਬੀ ਦਾ ਇਨਸਾਫ਼ ਤੁਸੀਂ ਕਰਨਾ ਹੈ। ਤੁਹਾਡੀ ਇਕ ਵੀ ਵੋਟ ਇਨ੍ਹਾਂ ਨੂੰ ਨਹੀਂ ਪੈਣੀ ਚਾਹੀਦੀ।