ਸਿਆਸੀ ਪਾਰਟੀਆਂ ਨੂੰ ਵੋਟਾਂ ਦੇ ਪ੍ਰਚਾਰ ਵਿਚ ਨਹੀਂ ਯਾਦ ਰਿਹਾ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਸੀ ਪਰ ਸਿਆਸੀ ਲੀਡਰਾਂ ਨੂੰ ਵੋਟਾਂ ਦੇ ਪ੍ਰਚਾਰ ਵਿਚ ਇਹ ਵੀ ਯਾਦ ਨਹੀਂ ਰਿਹਾ।                              

Political parties forget Martyr's birth anniversary

ਫਿਰੋਜ਼ਪੁਰ: ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਸਿਆਸੀ ਪਾਰਟੀ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਵਿਚ ਰੁੱਝੀ ਹੋਈ ਹੈ ਪਰ ਜਿਨ੍ਹਾਂ ਦੇਸ਼ ਭਗਤਾਂ ਦੀ ਕੁਰਬਾਨੀ ਕਰਕੇ ਅੱਜ ਸਾਨੂੰ ਦੇਸ਼ ਵਿਚ ਵੋਟ ਅਧਿਕਾਰ ਨਾਲ ਸਰਕਾਰ ਬਣਾਉਣ ਦੀ ਆਜ਼ਾਦੀ ਮਿਲੀ ਹੈ ਮੌਜੂਦਾ ਸਰਕਾਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹੀ ਭੁੱਲ ਚੁੱਕੀ ਹੈ। ਅੱਜ ਸ਼ਹੀਦ ਭਗਤ ਸਿੰਘ ਦੇ ਸਾਥੀ ਅਤੇ ਉਨਾਂ ਦੇ ਨਾਲ ਹੀ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਸੀ ਪਰ ਸਿਆਸੀ ਲੀਡਰਾਂ ਨੂੰ ਵੋਟਾਂ ਦੇ ਪ੍ਰਚਾਰ ਵਿਚ ਇਹ ਵੀ ਯਾਦ ਨਹੀਂ ਰਿਹਾ।                              

ਸ਼ਹੀਦ ਸੁਖਦੇਵ ਦਾ ਜਨਮ 15 ਮਈ 1907 ਨੂੰ ਲੁਧਿਆਣਾ ਵਿਖੇ ਪਿਤਾ ਰਾਮ ਲਾਲ ਥਾਪਰ ਅਤੇ ਮਾਤਾ ਰਲੀ ਦੇਵੀ ਦੀ ਕੁੱਖੋਂ ਹੋਇਆ। ਆਜ਼ਾਦੀ ਦੀ ਲੜਾਈ ਇਸ ਸੂਰਵੀਰ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਲੜੀ ਸੀ। ਸੁਖਦੇਵ ਨੂੰ 23 ਮਈ 1931 ਨੂੰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਦੇ ਨਾਲ ਹੀ ਲਾਹੌਰ ਜੇਲ੍ਹ ਵਿਚ ਫਾਂਸੀ ਹੋਈ ਸੀ ਪਰ ਪੰਜਾਬ ਦੀਆਂ ਪਾਰਟੀਆਂ ਦੇ ਲੀਡਰ ਵੋਟਾਂ ਦੇ ਪ੍ਰਚਾਰ ਵਿਚ ਅੱਜ ਇਹਨਾਂ ਦਾ ਜਨਮ ਦਿਹਾੜਾ ਹੀ ਭੁੱਲ ਗਏ।

ਜਦੋਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਕੌਮਾਂਤਰੀ ਬਾਰਡਰ ਤੇ ਸਥਿਤ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀ ਸਮਾਧੀ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਕਿ ਇੱਥੇ ਕੋਈ ਇੰਤਜ਼ਾਮ ਨਹੀਂ ਸੀ। ਸਮਾਧੀ ਵਾਲੇ ਸਥਾਨ ਦੇ ਆਲੇ ਦੁਆਲੇ ਬਣਿਆ ਸਰੋਵਰ ਸੁੱਕਾ ਪਿਆ ਸੀ ਅਤੇ ਇੱਥੇ ਕੋਈ ਸਾਫ਼ ਸਫ਼ਾਈ ਨਹੀਂ ਸੀ। ਅੱਤ ਦੀ ਗਰਮੀ ਵਿਚ ਕਿਸੇ ਕਿਸਮ ਦੇ ਪਾਣੀ ਦਾ ਇੰਤਜ਼ਾਮ ਵੀ ਨਹੀਂ ਸੀ ਕੀਤਾ ਹੋਇਆ ਪਰ ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਨੇ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸਦੇ ਨਾਲ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚੇ ਇਸ ਸ਼ਹੀਦ ਨੂੰ ਸਿਜਦਾ ਕਰਨ ਪਹੁੰਚੇ ਹੋਏ ਸਨ।