ਕਿਉਂ ਪੰਜਾਬ ਦਾ ਸਿਆਸੀ ਮਾਹੌਲ ਤੁਰਦਾ ਹੈ ਦੇਸ਼ ਤੋਂ ਉਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਓ ਮਾਰੀਏ ਇਕ ਨਜ਼ਰ ਪੰਜਾਬ ਦੀ ਸਿਆਸਤ ’ਤੇ

Punjab Politics

ਸੰਨ 2014 ਵਿਚ ਹੋਈਆਂ ਆਮ ਚੋਣਾਂ ਵਿਚ ਬਹੁ ਚਰਚਿਤ ਮੋਦੀ ਲਹਿਰ ਪੂਰੇ ਦੇਸ਼ ਵਿਚ ਵਿਖਾਈ ਦੇ ਰਹੀ ਸੀ। ਭਾਜਪਾ ਨੂੰ 282 ਸੀਟਾਂ ਦੇ ਰੂਪ ਵਿਚ ਪੂਰਨ ਬਹੁਮਤ ਮਿਲੀ ਪਰ ਪੰਜਾਬ ਵਿਚ ਨਤੀਜੇ ਪੂਰੇ ਦੇਸ਼ ਨਾਲੋਂ ਵੱਖਰੇ ਸਨ। 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ 4, ਅਕਾਲੀ ਦਲ ਨੂੰ 4 ਅਤੇ ਭਾਜਪਾ ਨੂੰ ਕੇਵਲ ਇਕ। ਇੰਝ ਜਾਪਦਾ ਸੀ ਕਿ ਮੋਦੀ ਲਹਿਰ ਦੀਆਂ ਤਰੰਗਾਂ ਪੰਜਾਬ ਦੇ ਸਿਆਸੀ ਮਾਹੌਲ ਵਿਚ ਖ਼ਾਸ ਹਲਚਲ ਨਹੀਂ ਮਚਾ ਸਕੀਆਂ।

ਸੰਨ 2017 ਵਿਚ ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ 7 ਸੂਬਿਆਂ ਵਿਚ ਸੂਬਾਈ ਚੋਣਾਂ ਹੋਈਆਂ। 7 ਵਿਚੋਂ 6 ਸੂਬਿਆਂ ਵਿਚ ਭਾਜਪਾ ਦੀ ਸਰਕਾਰ ਚੁਣੀ ਗਈ ਪਰ ਸਭ ਕਿਆਸ ਅਰਾਈਆਂ ਦੇ ਉਲਟ ਪੰਜਾਬੀਆਂ ਨੇ 117 ਵਿਚੋਂ 77 ਸੀਟਾਂ ਉਤੇ ਕਾਂਗਰਸ ਨੂੰ ਵੱਡੀ ਜਿੱਤ ਦਿਵਾਈ। ਉਸ ਸਮੇਂ ਪੂਰੇ ਦੇਸ਼ ਵਿਚ ਪੰਜਾਬ ਹੀ ਇਕ ਅਜਿਹਾ ਸੂਬਾ ਸੀ, ਜਿੱਥੇ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ।

ਗੱਲ ਕਰ ਲਈਏ, ਹੋ ਰਹੀਆਂ ਲੋਕ ਸਭਾ ਚੋਣਾਂ ਦੀ...

ਪੂਰਾ ਪੰਜਾਬ ਆਉਂਦੀ 19 ਮਈ ਨੂੰ ਵੋਟ ਪਾਵੇਗਾ। ਸਾਰੀਆਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਪੰਜਾਬ ਵੱਲ ਰੁਖ਼ ਕਰ ਚੁੱਕੀਆਂ ਹਨ ਪਰ ਇਕ ਗੱਲ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੇ ਦੌਰਾਨ ਚੱਲ ਰਹੇ ਬਿਰਤਾਂਤ ਦਾ ਰੁਖ਼ ਪੰਜਾਬ ਵੱਲ ਆਉਂਦਿਆਂ ਹੀ ਬਦਲ ਗਿਆ ਹੈ।

ਪੂਰੇ ਚੋਣ ਸਫ਼ਰ ਦੌਰਾਨ ਸੱਤਾਧਾਰੀ ਪਾਰਟੀ ਵਲੋਂ ਇਕ ਸਖ਼ਤ ਬਿਰਤਾਂਤ ਖੜ੍ਹਾ ਕੀਤਾ ਗਿਆ, ਜਿਸ ਦੇ ਮੁੱਖ ਥੰਮ੍ਹ ਰਾਸ਼ਟਰਵਾਦ, ਅਤਿਵਾਦ, ਪਾਕਿ-ਵਿਰੋਧੀ, ਫ਼ੌਜ, ਹਿੰਦੂ ਮੁਸਲਿਮ ਅਤੇ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖ਼ਸੀਅਤ ਰਹੇ ਹਨ।

ਪਰ ਪੰਜਾਬ ਵੱਲ ਮੁੜਦਿਆਂ ਹੀ ਇਹ ਸਾਰੇ ਮੁੱਦੇ ਪਿੱਛੇ ਛੱਡ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਤ ਚੁੱਕੇ ਸਮੇਂ ਵਿਚੋਂ ਮੁੱਦੇ ਲੱਭ ਰਹੀ ਹੈ ਪਰ ਇਹ ਫ਼ਰਕ ਕਿਉਂ?

ਪੰਜਾਬ ਇਕ ਸਰਹੱਦੀ ਸੂਬਾ ਹੈ। ਸਰਹੱਦ ’ਤੇ ਹੋਈ ਹਰ ਹਲਚਲ ਦਾ ਅਸਰ ਪੰਜਾਬ ਉਤੇ ਹੋਣਾ ਲਾਜ਼ਮੀ ਹੈ। ਜਿੱਥੇ ਪੂਰੇ ਦੇਸ਼ ਵਿਚ ਪੁਲਵਾਮਾ ਦੇ ਅਭਾਗੇ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਜੰਗ ਦੇ ਨਾਅਰੇ ਲਗਾਏ ਜਾ ਰਹੇ ਸਨ ਅਤੇ ਸਿਆਸਤਦਾਨਾਂ ਵਲੋਂ ਵੀ ਭੜਕਾਊ ਬਿਆਨ ਦੇ ਕੇ ਇਸ ਮੁੱਦੇ ਨੂੰ ਭੁਨਾਇਆ ਜਾ ਰਿਹਾ ਸੀ, ਜਿੱਥੇ ਸਾਰੇ ਦੇਸ਼ ਵਿਚ ਭਾਜਪਾ ਅਤੇ ਮੀਡੀਆ ਦੇ ਕੁਝ ਹਿੱਸੇ ਦੇ ਪਾਕਿਸਤਾਨ ’ਤੇ ਹਮਲੇ ਦੇ ਨਾਅਰੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਸੀ, ਉੱਥੇ ਹੀ ਪੰਜਾਬ ਵਿਚ ਚਿੰਤਾ ਬਣੀ ਹੋਈ ਸੀ। ਪਾਕਿਸਤਾਨ ਵਿਰੋਧੀ ਭਾਵਨਾ ਦੀ ਥਾਂ ਉਤੇ ਬਣਦੇ ਤਣਾਅਪੂਰਨ ਹਾਲਾਤਾਂ ਪ੍ਰਤੀ ਗੰਭੀਰਤਾ ਬਣੀ ਹੋਈ ਸੀ।

ਪੰਜਾਬ ਨੇ ਸੰਨ 1947 ਦੀ ਵੰਡ 1965 ਅਤੇ 1971 ਦੀਆਂ ਲੜਾਈਆਂ ਦਾ ਸੰਤਾਪ ਭੁਗਤਿਆ ਹੈ। ਭਾਰਤੀ ਪੰਜਾਬ ਵਿਚ ਅੱਜ ਵੀ ਅਜਿਹੇ ਕਈ ਲੋਕ ਵੱਸਦੇ ਹਨ, ਜਿੰਨ੍ਹਾਂ ਦੀਆਂ ਪਰਵਾਰਕ ਤੰਦਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਚੜ੍ਹਦੇ ਪੰਜਾਬ ਵਿਚ ਕਿੰਨੇ ਹੀ ਅਜਿਹੇ ਹਨ ਜਿੰਨ੍ਹਾਂ ਦਾ ਪਿਛੋਕੜ ਲਹਿੰਦੇ ਪੰਜਾਬ ਦਾ ਹੈ ਅਤੇ 1947 ਦੀ ਵੰਡ ਵਿਚ ਜੋ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਿਜਰਤ ਵਿਚ ਇਸ ਪਾਸੇ ਆਏ।

ਦੋਵਾਂ ਪੰਜਾਬਾਂ ਦਾ ਰਹਿਣ-ਸਹਿਣ, ਖਾਣ-ਪਾਣ, ਵਰਤ-ਵਰਤਾਓ ਸਭ ਮਿਲਦਾ ਜੁਲਦਾ ਹੈ। ਸਿੱਖਾਂ ਦੇ ਕਈ ਗੁਰਧਾਮ ਪਾਕਿਸਤਾਨ ਵਿਚ ਹਨ। ਇੰਨ੍ਹਾਂ ਦੀ ਇਤਿਹਾਸਿਕ ਮਹੱਤਤਾ ਵੀ ਹੈ ਅਤੇ ਸਿੱਖ ਸ਼ਰਧਾਲੂ ਇਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਦੀ ਰੋਜ਼ ਅਰਦਾਸ ਕਰਦੇ ਹਨ। ਵਿਗੜਦੇ ਹਾਲਾਤਾਂ ਦਾ ਮਤਲਬ ਸਾਫ਼ ਹੁੰਦਾ ਹੈ... ਗੁਰਧਾਮਾਂ ਦੇ ਦਰਸ਼ਨ ਹੋਰ ਦੁਰਲੱਭ।

ਭਾਵਨਾਤਮਕ ਮੁੱਦਿਆਂ ਤੋਂ ਹਟ ਕੇ ਜੇ ਵੇਖਣ ਹੋਵੇ ਤਾਂ ਦੋਵਾਂ ਪੰਜਾਬਾਂ ਵਿਚਲਾ ਵਪਾਰ ਇਕ ਜ਼ਰੂਰੀ ਹਿੱਸਾ ਹੈ। ਦੋਵਾਂ ਦੇਸ਼ਾਂ ਵਿਚਕਾਰ ਫ਼ਲ, ਸਬਜ਼ੀਆਂ, ਡਰਾਈ-ਫਰੂਟ, ਯੂਰੀਆ, ਸੀਮੇਂਟ ਆਦਿ ਕਈ ਚੀਜ਼ਾਂ ਦੀ ਆਯਾਤ-ਨਿਰਯਾਤ ਹੁੰਦੀ ਸੀ। ਜੋ ਦੋਵਾਂ ਦੇਸ਼ਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀ ਸੀ। ਪਿਛਲੇ ਕੁਝ ਸਮੇਂ ਵਿਚ ਹੋਈਆਂ ਘਟਨਾਵਾਂ ਵਿਚ ਵਪਾਰ ਵੀ ਤਕਰੀਬਨ ਖ਼ਤਮ ਹੀ ਹੈ।

ਮੋਦੀ ਲਹਿਰ ਨੇ ਪੰਜਾਬ ਵਿਚ ਕੰਮ ਨਹੀਂ ਕੀਤਾ, ਨਾ 2014 ਵਿਚ ਅਤੇ ਨਾ ਹੀ ਅੱਜ ਦਿਖ ਰਹੀ ਹੈ। ਸਿੱਧੂ ਦੀ ਜੱਫ਼ੀ ਨਾਲ ਖੁੱਲ੍ਹੇ ਕਰਤਾਰਪੁਰ ਲਾਂਘੇ ਕਾਰਨ ਲਹਿਰ ਕਿਸੇ ਹੋਰ ਹੀ ਪਾਸੇ ਵਹਿੰਦੀ ਲੱਗਦੀ ਰਹੀ। ਇਸ ਸਾਰੇ ਸਮੀਕਰਨ ਦਾ ਭਾਜਪਾ ਕੋਲ ਕੋਈ ਤੋੜ ਨਹੀਂ ਹੈ। ਇਸੇ ਲਈ 35 ਸਾਲ ਪੁਰਾਣੀ ਤ੍ਰਾਸਦੀ ਨੂੰ ਮੁੜ ਖੁਰੇਦਿਆ ਜਾ ਰਿਹਾ ਹੈ। ਮੋਇਆ ਨੂੰ ਮੁੜ ਜੀਵੰਤ ਕੀਤਾ ਜਾ ਰਿਹਾ ਹੈ। ਜਿਵੇਂ ਕਿ 2019 ਦੀਆਂ ਚੋਣਾਂ ਰਾਜੀਵ ਗਾਂਧੀ ਨੇ ਲੜਨੀਆਂ ਹੋਣ।

ਇਕ ਗੱਲ ਧਿਆਨ ਦੇਣ ਯੋਗ ਹੈ ਕਿ 1984 ਦੀ ਤ੍ਰਾਸਦੀ ਸਿੱਖਾਂ ਉਤੇ ਬੀਤੀ। 1990 ਦੇ ਦਹਾਕੇ ਦਾ ਅਤਿਵਾਦ ਵੀ ਪੰਜਾਬ ਨੇ ਹੰਢਾਇਆ ਪਰ ਇਸ ਤੋਂ ਬਾਅਦ ਵੀ ਪੰਜਾਬੀਆਂ ਨੇ 3 ਵਾਰ ਕਾਂਗਰਸ ਦੀ ਸਰਕਾਰ ਲਿਆਂਦੀ। 84 ਦੇ ਗੁਨ੍ਹੇਗਾਰਾਂ ਦੇ ਇਨਸਾਫ਼ ਲਈ ਲੜਾਈ ਜਾਰੀ ਹੈ ਤੇ ਸਿੱਖਾਂ ਅਤੇ ਪੰਜਾਬੀਆਂ ਦੇ ਦਿਲਾਂ ਦਾ ਇਕ ਕੋਨਾ ਸਦਾ ਵਲੂੰਧਰਿਆ ਰਹੇਗਾ ਪਰ ਪੰਜਾਬੀ ਵਰਤਮਾਨ ਵਿਚ ਜਿਉਂਦੇ ਹਨ। ਵੇਖਣਾ ਇਹ ਹੈ ਕਿ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸੰਪ੍ਰਦਾਇਕ ਹਮਲਿਆਂ ਦੇ ਸ਼ਿਕਾਰ ਇਸ ਦੇਸ਼ ਦੀਆਂ ਆਮ ਚੋਣਾਂ ਵਿਚ ਪੰਜਾਬ ਦੀ ਜਨਤਾ ਕੀ ਆਦੇਸ਼ ਸੁਣਾਉਂਦੀ ਹੈ।

-ਰਵਿਜੋਤ ਕੌਰ