ਮੋਗਾ ਤੋਂ ਰਾਹਤ ਦੀ ਖ਼ਬਰ, ਕਰੋਨਾ ਦੇ ਸਾਰੇ 46 ਮਰੀਜ਼ ਹੋਏ ਠੀਕ, ਪਰਤੇ ਆਪਣੇ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਹੀ ਕਈ ਲੋਕ ਅਜਿਹੇ ਵੀ ਸਾਹਮਣੇ ਆ ਰਹੇ ਹਨ

Covid 19

ਮੋਗਾ : ਪੰਜਾਬ ਵਿਚ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਹੀ ਕਈ ਲੋਕ ਅਜਿਹੇ ਵੀ ਸਾਹਮਣੇ ਆ ਰਹੇ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਕੇ ਘਰ ਪਰਤ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਮੋਗਾ ਵਿਚ ਸਾਹਮਣੇ ਆਇਆ ਹੈ ਜਿੱਥੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਰੇ 46 ਕਰੋਨਾ ਪਾਜੀਟਿਵ ਮਰੀਜ਼ਾਂ ਨੂੰ ਠੀਕ ਹੋਣ ਤੇ, ਸਰਕਾਰੀ ਆਦੇਸ਼ਾਂ ਅਨੁਸਾਰ, ਘਰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਮਰੀਜ਼ਾਂ ਵਿੱਚ 4 ਆਸ਼ਾ ਵਰਕਰਾਂ ਵੀ ਸ਼ਾਮਿਲ ਹਨ ਜਿੰਨ੍ਹਾਂ ਨੂੰ ਨਮੂਨੇ ਨੇਗੇਟਿਵ ਹੋਣ ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। 46 ਮਰੀਜਾਂ ਵਿੱਚ 27 ਮਰੀਜਾਂ ਨੂੰ ਸਿਵਲ ਹਸਪਤਾਲ ਮੋਗਾ ਅਤੇ 19 ਮਰੀਜਾਂ ਨੂੰ ਕਮਿਊਨਿਟੀ ਹੈਲਥ ਸੈਟਰ ਬਾਘਾਪੁਰਾਣਾ ਤੋ ਘਰ ਭੇਜਿਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਚਾਰੋ ਆਸ਼ਾ ਵਰਕਰਾਂ ਨੂੰ 15 ਦਿਨ ਆਈਸੋਲੇਸ਼ਨ ਕੇਦਰ ਵਿੱਚ ਰਹਿਣ ਤੋ ਬਾਅਦ ਉਨ੍ਹਾਂ ਦੇ ਨਮੂਨੇ ਨੇਗੇਟਿਵ ਆਉਣ ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। ਸਿਵਲ ਹਸਪਤਾਲ ਮੋਗਾ ਤੋਂ ਛੁੱਟੀ ਮਿਲਣ ਉਪਰੰਤ ਇਹ ਵਰਕਰਾਂ ਭਾਵੁਕ ਹੋ ਗਈਆਂ ਅਤੇ ਇਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਉਨ੍ਹਾਂ ਦਾ ਖਿਆਲ ਰੱਖਿਆ ਗਿਆ ਅਤੇ ਅੱਜ ਵੀ ਉਨ੍ਹਾਂ ਦੇ ਨਾਲ ਕੰਮ ਕਰਦੇ ਅਫ਼ਸਰ ਅਤੇ ਵਰਕਰ ਉਨ੍ਹਾਂ ਨੂੰ ਘਰ ਲਿਜਾਣ ਲਈ ਆਏ ਸਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਉਨ੍ਹਾਂ ਸਾਰੇ ਪਾਜੀਟਿਵ ਮਰੀਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਜਿੰਨ੍ਹਾਂ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋ ਕੋਈ ਕਰੋਨਾ ਸਬੰਧੀ ਲੱਛਣ ਜਾਂ ਬੁਖਾਰ ਨਹੀ ਸੀ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ ਇਨ੍ਹਾਂ ਸਾਰੇ ਮਰੀਜਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਅਗਲੇ 15 ਦਿਨਾਂ ਤੱਕ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਰਹਿਣਗੇ। ਸਾਰੇ ਮਰੀਜਾਂ ਦੇ ਮੋਬਾਇਲ ਫੋਨ ਉੱਤੇ ਕੋਵਾ ਐਪ ਡਾਊਨਲੋਡ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਉੱਤੇ ਸਖਤ ਨਜ਼ਰ ਰੱਖੀ ਜਾ ਸਕੇ।

ਨਾਲ ਹੀ ਸਬੰਧਤ ਸਿਹਤ ਟੀਮਾਂ ਵੀ ਇਨ੍ਹਾਂ ਮਰੀਜਾਂ ਦੇ ਘਰ ਸਮੇ ਸਮੇ ਸਿਰ ਜਾ ਕੇ ਇਨ੍ਹਾਂ ਦੀ ਸਿਹਤ ਉੱਤੇ ਵੀ ਨਜ਼ਰ ਰੱਖਣਗੀਆਂ। ਦੱਸ ਦੱਈਏ ਕਿ ਹੁਣ ਤੱਕ ਸੂਬੇ ਵਿਚ 2000 ਦੇ ਕਰੀਬ ਲੋਕ ਕਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 200 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।