ਕਲਯੁਗੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ
ਦੋਸ਼ੀ ਨੇ ਬਹੁਤ ਹੀ ਨਾਟਕੀ ਢੰਗ ਨਾਲ ਦਾਦੀ ਦਾ ਘਰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਕਾਰ ਵਿਚ ਲਿਜਾ ਕੇ ਖੇਤਾਂ ਵਿਚ ਸੁੱਟ ਦਿਤਾ
ਅਮਲੋਹ : ਥਾਣਾ ਅਮਲੋਹ ਦੇ ਪਿੰਡ ਖਨਿਆਣ ਵਿਚ ਕਲਯੁੱਗੀ ਪੋਤਰੇ ਨੇ ਲਾਲਚ ਵੱਸ ਆ ਕੇ ਅਪਣੀ 82 ਸਾਲਾ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਪਿੰਡ ਤੋਂ 1 ਕਿਲੋਮੀਟਰ ਦੂਰ ਸੜਕ ਦੇ ਕੰਢੇ ਖੇਤਾਂ ਵਿਚ ਸੁੱਟ ਦਿਤਾ। ਪ੍ਰਾਪਤ ਸੂਚਨਾ ਅਨੁਸਾਰ ਕਲ ਪੁਲਿਸ ਨੂੰ ਇਸ ਲਾਸ਼ ਬਾਰੇ ਸੁਰਾਗ਼ ਲੱਗਣ ’ਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਚ ਪੋਸਟਮਾਰਟਮ ਲਈ ਭੇਜ ਦਿਤਾ।
ਮ੍ਰਿਤਕਾ ਦੀ ਪਹਿਚਾਣ ਹਰਮਿੰਦਰ ਕੌਰ ਵਿਧਵਾ ਗੁਰਬਖਸ਼ ਸਿੰਘ ਵਜੋਂ ਹੋਈ। ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦਸਿਆ ਕਿ ਇਸ ਸਬੰਧੀ ਮ੍ਰਿਤਕਾ ਦੇ ਪੁੱਤਰ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਰਣਬੀਰ ਸਿੰਘ ਵਿਰੁਧ ਧਾਰਾ 302 ਆਈ.ਪੀ.ਸੀ. ਤਹਿਤ ਮੁਕਦਮਾ ਨੰਬਰ 77 ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪ੍ਰਾਪਤ ਸੂਚਨਾ ਅਨੁਸਾਰ ਕਥਿਤ ਦੋਸ਼ੀ ਨੇ ਬਹੁਤ ਹੀ ਨਾਟਕੀ ਢੰਗ ਨਾਲ ਦਾਦੀ ਦਾ ਘਰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਕਾਰ ਵਿਚ ਲਿਜਾ ਕੇ ਖੇਤਾਂ ਵਿਚ ਸੁੱਟ ਦਿਤਾ ਅਤੇ ਲਾਸ਼ ਸੁੱਟਣ ਸਮੇਂ ਕਾਰ ਦਾ ਬੋਰਨਟ ਚੁੱਕ ਕੇ ਮੁਰੰਮਤ ਕਰਨ ਦਾ ਡਰਾਮਾ ਬਣਾ ਲਿਆ। ਪੁਲਿਸ ਨੇ ਦਸਿਆ ਕਿ ਜਲਦੀ ਹੀ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਕਤਲ ਦਾ ਕਾਰਣ ਲਾਲਚ ਸੀ ਅਤੇ ਪੋਤਰੇ ਨੇ ਦਾਦੀ ਦੀਆਂ ਦੋ ਸੋਨੇ ਦੀਆਂ ਮੁੰਦਰੀਆਂ, 1 ਸੋਨੇ ਦੀ ਚੂੜੀ, ਸੋਨੇ ਦਾ ਕੰਗਣ ਅਤੇ ਕੰਨਾਂ ਦੀਆਂ ਵਾਲੀਆਂ ਕੱਢ ਲਈਆਂ ਸਨ। ਮ੍ਰਿਤਕਾ ਦੇ ਜੱਦੀ ਪਿੰਡ ਖਨਿਆਣ ਵਿਚ ਉਸ ਦਾ ਅੰਤਮ ਸਸਕਾਰ ਵੀ ਕਰ ਦਿਤਾ ਗਿਆ।