ਰੂਪਨਗਰ : ਭਾਰਤੀ ਫ਼ੌਜ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ।
ਨੂਰਪੁਰਬੇਦੀ : ਜ਼ਿਲ੍ਹਾ ਰੂਪਨਗਰ ’ਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਸੁੱਖੇਮਾਜਰਾ ਦੇ ਭਾਰਤੀ ਫ਼ੌਜ ’ਚ ਤਾਇਨਾਤ ਇਕ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੈਨਿਕ ਕੁਲਵਿੰਦਰ ਸਿੰਘ (27) ਪੁੱਤਰ ਸੋਮਨਾਥ 7 ਸਾਲ ਪਹਿਲਾਂ 2016 ’ਚ ਫ਼ੌਜ ’ਚ ਭਰਤੀ ਹੋਇਆ ਸੀ। ਇਸ ਸਮੇਂ 74 ਆਰਮਡ ’ਚ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਵਾੜਮੇਰ ਖੇਤਰ ’ਚ ਡਿਊਟੀ ਨਿਭਾ ਰਿਹਾ ਸੀ, ਜੋ 2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ।
ਜਵਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਨਿਕ ਕੁਲਵਿੰਦਰ ਸਿੰਘ ਦੀ ਦੇਰ ਸ਼ਾਮ ਡਿਊਟੀ ਦੌਰਾਨ ਮੌਤ ਹੋ ਗਈ, ਜਿਸ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਸ਼ਹੀਦ ਕੁਲਵਿੰਦਰ ਸਿੰਘ ਦਾ ਸਾਲ ਪਹਿਲਾਂ ਫਰਵਰੀ 2022 ’ਚ ਵਿਆਹ ਹੋਇਆ ਸੀ। ਸੈਨਿਕ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਸੁੱਖੇਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ।
ਕੁਲਵਿੰਦਰ ਸਿੰਘ ਦੀ ਮੌਤ ਕਾਰਨ ਖੇਤਰ ’ਚ ਸੋਗ ਦੀ ਲਹਿਰ ਫੈਲੀ ਹੋਈ ਹੈ। ਅੱਜ ਆਪਣੇ ਹੋਣਹਾਰ ਜਵਾਨ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਸੈਂਕੜਿਆਂ ਦੀ ਤਾਦਾਦ ਦੇ ਵਿਚ ਇਲਾਕਾ ਵਾਸੀ ਤੇ ਰਿਸ਼ਤੇਦਾਰ ਪਹੁੰਚੇ ।
ਉੱਥੇ ਹੀ ਇਸ ਮੌਕੇ ਤੇ ਚੰਡੀ ਮੰਦਰ ਚੰਡੀਗੜ੍ਹ ਤੋਂ 5 ਡੋਗਰਾ ਦੇ ਜਵਾਨਾਂ ਵਲੋਂ ਗਾਰਡ ਆਫ਼ ਆਨਰ ਦਿਤਾ ਗਿਆ ।
ਇਸ ਮੌਕੇ ’ਤੇ 74 ਅਰਮੇਡ ਫੋਰਸ ਦੇ ਸੂਬੇਦਾਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਡਿਊਟੀ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ। ਕੁਲਵਿੰਦਰ ਸਿੰਘ ਦੇ ਜਾਣ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਕੁਲਵਿੰਦਰ ਸਿੰਘ ਇਕ ਹੋਣਹਾਰ ਜਵਾਨ ਸੀ l