ਪੰਜਾਬ ਪੁਲਿਸ ਨੇ ਅਰਸ਼ ਡੱਲਾ ਦੀ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਕੀਤਾ ਨਾਕਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SSOC ਨੇ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ

Punjab Police foils Arsh Dalla's target killing plot

ਪੰਜਾਬ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਕੈਨੇਡਾ-ਅਧਾਰਤ ਬਦਨਾਮ ਅੱਤਵਾਦੀ ਅਰਸ਼ ਡੱਲਾ ਦੁਆਰਾ ਰਚੀ ਗਈ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਟਾਰਗੇਟ ਕਿਲਿੰਗ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਵਿਚ, SSOC ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਵਲਜੀਤ ਸਿੰਘ (ਨਿਵਾਸੀ ਧਰਮਕੋਟ) ਅਤੇ ਨਵਦੀਪ ਸਿੰਘ ਉਰਫ਼ ਹਾਨੀ (ਨਿਵਾਸੀ ਬੱਦੂਵਾਲ) ਵਜੋਂ ਹੋਈ ਹੈ।

ਪੁਲਿਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਵਿਰੋਧੀ ਗਿਰੋਹ ਦੇ ਮੈਂਬਰਾਂ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਸਨ। ਸਮੇਂ ਸਿਰ ਖੁਫ਼ੀਆ ਜਾਣਕਾਰੀ ਅਤੇ ਤੁਰੰਤ ਕਾਰਵਾਈ ਨਾਲ, ਪੁਲਿਸ ਨੇ ਜਨਤਕ ਸੁਰੱਖਿਆ ਲਈ ਇਕ ਵੱਡੇ ਖ਼ਤਰੇ ਨੂੰ ਟਾਲ ਦਿਤਾ।

ਗ੍ਰਿਫ਼ਤਾਰੀ ਦੌਰਾਨ, ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਜਿਗਾਨਾ .30 ਬੋਰ ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਸਬੰਧ ਵਿਚ ਐਸਐਸਓਸੀ ਐਸਏਐਸ ਨਗਰ ਪੁਲਿਸ ਸਟੇਸ਼ਨ ਵਿਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਡਿਊਲ ਦੇ ਨੈਟਵਰਕ ਅਤੇ ਇਸ ਦੇ ਪਿੱਛੇ ਦੇ ਮਾਸਟਰਮਾਈਂਡ ਦਾ ਪਰਦਾਫ਼ਾਸ਼ ਕਰਨ ਲਈ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ।

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਰਾਜ ਵਿਚ ਸੰਗਠਿਤ ਅਪਰਾਧ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਜੜ੍ਹੋਂ ਪੁੱਟਣ ਅਤੇ ਸ਼ਾਂਤੀ, ਸੁਰੱਖਿਆ ਅਤੇ ਭਾਈਚਾਰਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।