ਘੱਗਰ 'ਚ ਵਧ ਰਹੇ ਪਾਣੀ ਨੇ ਕਿਸਾਨਾਂ ਦੇ ਸਾਹ ਸੁਕਾਏ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਆਖੀ...

Ghaggar Urgent Repair Farmers Monsoon Captain Amarinder Singh

ਮਾਨਸਾ: ਭਾਰੀ ਬਾਰਿਸ਼ ਦੇ ਚਲਦਿਆਂ ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਚ ਵਗਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਦੇਖਦਿਆਂ ਕਿਸਾਨਾਂ ਵਿਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੇਸ਼ੱਕ ਘੱਗਰ ਦਾ ਪਾਣੀ ਇਸ ਸਮੇਂ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ 14 ਫੁੱਟ 'ਤੇ ਹੈ ਪਰ ਜੇਕਰ ਆਸ-ਪਾਸ ਦੇ ਇਲਾਕਿਆਂ ਵਿਚ ਬਾਰਿਸ਼ ਇਸੇ ਤਰ੍ਹਾਂ ਜਾਰੀ ਰਹੀ ਤਾਂ ਘੱਗਰ ਦਾ ਪਾਣੀ ਕਿਸੇ ਸਮੇਂ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਸਕਦਾ ਹੈ ਕਿਉਂਕਿ ਹਰਿਆਣਾ ਸਮੇਤ ਪੰਜਾਬ ਦੇ ਕਈ ਨਾਲਿਆਂ ਦਾ ਪਾਣੀ ਘੱਗਰ ਵਿਚ ਸੁੱਟਿਆ ਜਾ ਰਿਹਾ ਹੈ।

ਘੱਗਰ ਨਦੀ ਦੇ ਆਸਪਾਸ ਰਹਿਣ ਵਾਲੇ ਲੋਕ ਪਹਿਲਾਂ ਹੀ ਇਸ ਨਦੀ ਵਿਚ ਵਗਦੇ ਕਾਲੇ ਅਤੇ ਬਦਬੂਦਾਰ ਪਾਣੀ ਤੋਂ ਪਰੇਸ਼ਾਨ ਹਨ ਉਥੇ ਹੀ ਹੁਣ ਬਰਸਾਤ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਸ਼ਹਿਰ ਨਿਵਾਸੀ ਬਿੱਕਰਜੀਤ ਸਿੰਘ ਅਤੇ ਗੁਰਚੇਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਅਤੇ ਨਿਕਾਸੀ ਨਾਲਿਆਂ ਦਾ ਪਾਣੀ ਘੱਗਰ ਵਿਚ ਪਾਉਣ ਕਰ ਕੇ ਇਸ ਦਾ ਪਾਣੀ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ।

ਜੇਕਰ ਕਿਤੇ ਘਾਹ ਫੂਸ ਕਾਰਨ ਡਾਬ ਲੱਗ ਗਈ ਤਾਂ ਇਸ ਦੇ ਕਿਨਾਰਿਆਂ ਦੇ ਟੁੱਟਣ ਦਾ ਖ਼ਤਰਾ ਹੈ ਜੋ ਫ਼ਸਲਾਂ ਨੂੰ ਬਰਬਾਦ ਕਰ ਕੇ ਰੱਖ ਦੇਵੇਗਾ। ਬਿੱਕਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਘੱਗਰ ਦਾ ਪਾਣੀ ਚੜਦਾ ਹੈ ਤਾਂ ਇਸ ਵੱਲ ਕਦੇ ਸਰਕਾਰ ਨੇ ਧਿਆਨ ਨਹੀਂ ਦਿੱਤਾ। ਇਸ ਵਿਚ ਘਾਹ ਫੂਸ ਬਹੁਤ ਵਹਿ ਰਿਹਾ ਹੈ ਤੇ ਇਸ ਨਾਲ ਅੱਗੇ ਜਾ ਕੇ ਅੜਿੱਕਾ ਖੜਾ ਹੋ ਸਕਦਾ ਹੈ। ਜਦੋਂ ਇਹ ਖਾਲੀ ਹੁੰਦਾ ਹੈ ਉਦੋਂ ਇਸ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ।

ਗੁਰਚੇਤ ਸਿੰਘ ਨੇ ਕਿਹਾ ਕਿ ਵੱਖ-ਵੱਖ ਡ੍ਰੇਨਾਂ ਦਾ ਪਾਣੀ ਘੱਗਰ ਵਿਚ ਸੁੱਟਿਆ ਜਾ ਰਿਹਾ ਹੈ ਤੇ ਲਗਭਗ 60 ਹਜ਼ਾਰ ਕਿਉਸਿਕ ਦੇ ਕਰੀਬ ਪਾਣੀ ਪਿੱਛੋਂ ਚੱਲ ਚੁੱਕਿਆ ਹੈ। ਹੁਣ ਪਾਣੀ 14 ਫੁੱਟ ਦੇ ਨੇੜੇ ਪਹੁੰਚ ਚੁੱਕਿਆ ਹੈ। ਜਦੋਂ ਸਰਦੂਲਗੜ੍ਹ ਦੇ ਨਾਲੇ ਨੂੰ ਡਾਬ ਲਗਦੀ ਹੈ ਤਾਂ ਪਿਛਲੇ ਪਿੰਡਾਂ ਦਾ ਬੰਨ੍ਹ ਟੁੱਟ ਜਾਂਦਾ ਹੈ। ਉੱਥੋਂ ਦੇ ਕਿਸੇ ਪ੍ਰਸ਼ਾਸਕ ਅਧਿਕਾਰੀ ਨੇ ਬੰਨ੍ਹ ਦਾ ਕੋਈ ਦੌਰਾ ਨਹੀਂ ਕੀਤਾ। ਸ਼ਹਿਰ ਵਾਸੀਆਂ ਵਿਚ ਭਾਵੇਂ ਘੱਗਰ ਨਦੀ ਦੇ ਵਧਣੇ ਪਾਣੀ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਪ੍ਰਬੰਧ ਪੂਰੇ ਹੋਣ ਅਤੇ ਸਥਿਤੀ ਕਾਬੂ ਵਿਚ ਹੋਣ ਦੀ ਗੱਲ ਆਖ ਰਹੇ ਨੇ।

ਡਿਪਟੀ ਕਮਿਸ਼ਨਰ ਮੋਹਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਬਾਰਿਸ਼ ਨਾਲ ਘੱਗਰ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਏ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਐ, ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ।

ਦੱਸ ਦਈਏ ਕਿ ਹਰ ਸਾਲ ਬਰਸਾਤਾਂ ਦੇ ਮੌਸਮ ਵਿਚ ਘੱਗਰ ਵਿਚ ਆਏ ਹੜ੍ਹ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਜਾਂਦੀ ਐ ਪਰ ਇਸ ਦੇ ਬਾਵਜੂਦ ਘੱਗਰ ਵਿਚਲੇ ਹੜ੍ਹ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾਂਦੇ। ਇਸ ਵਾਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਠੋਸ ਪ੍ਰਬੰਧਾਂ ਦੇ ਦਾਅਵੇ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।