'ਗੁਰੂ ਦੀ ਗੋਲਕ' ਲੁੱਟਣ ਲਈ ਦਿੱਲੀ 'ਚ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਹੇ ਨੇ ਸਿਰਸਾ : ਆਪ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀ.ਕੇ. ਦੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਣ ਜਥੇਦਾਰ : ਸੰਧਵਾਂ

Manjeet Singh Gk & Manjinder Sirsa

ਚੰਡੀਗੜ੍ਹ (ਨੀਲ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਇਕ ਨਿੱਜੀ ਕੰਪਨੀ ਨਾਲ 20 ਕਰੋੜ ਰੁਪਏ ਦੇ ਗੁਪਤ ਸਮਝੌਤੇ ਸਬੰਧੀ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ ਲਗਾਇਆ ਕਿ ਸਿਰਸਾ ਦਿੱਲੀ 'ਚ ਗੁਰੂ ਦੀ ਗੋਲਕ ਲੁੱਟਣ ਲਈ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਸਮੁੱਚੀ ਸੰਗਤ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜੀ.ਕੇ. ਦੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਾਦਲ ਪਰਵਾਰ ਦੀ ਪ੍ਰਤੱਖ ਸਰਪ੍ਰਸਤੀ ਥੱਲੇ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਸਜੀਪੀਸੀ) 'ਤੇ ਅਜਿਹੇ ਦੋਸ਼ ਪਹਿਲੀ ਵਾਰ ਨਹੀਂ ਲੱਗ ਰਹੇ ਪਰੰਤੂ ਜਿਸ ਤਰੀਕੇ ਨਾਲ ਨਿੱਜੀ ਫ਼ਾਇਦੇ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਵਿਹਾਰ (ਦਿੱਲੀ) 'ਚ ਸਮੁੱਚੀ ਕਮੇਟੀ ਨੂੰ ਹਨੇਰੇ 'ਚ ਰੱਖ ਕੇ 22000 ਵਰਗ ਫ਼ੁੱਟ ਥਾਂ 'ਤੇ ਸਿਰਸਾ ਨੇ ਚੁੱਪਚਾਪ ਲਾਈਫ਼ ਸਟਾਈਲ ਸਵਿਮ ਐੈਂਡ ਜਿਮ ਕੰਪਨੀ ਦਾ 'ਕਲੱਬ' ਖੁਲ੍ਹਵਾ ਦਿਤਾ ਹੈ, ਇਹ ਸਾਧਾਰਨ ਵਰਤਾਰਾ ਨਹੀਂ ਹੈ, ਕਿਉਂਕਿ ਬਾਜ਼ਾਰੀ ਮੁੱਲ ਮੁਤਾਬਕ ਇਸ ਦਾ ਕਿਰਾਇਆ 20 ਕਰੋੜ ਬਣਦਾ ਹੈ, ਜਦਕਿ ਡੀਐਸਜੀਪੀਸੀ ਦੇ ਖਾਤੇ 'ਚ ਇਕ ਧੇਲਾ ਵੀ ਜਮ੍ਹਾਂ ਨਹੀਂ ਹੋਇਆ। 

 ਸੰਧਵਾਂ ਅਤੇ ਬਾਕੀ ਵਿਧਾਇਕਾਂ ਨੇ ਜੀ.ਕੇ. 'ਤੇ ਵੀ ਉਂਗਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਦਲਜੀਤ ਕੌਰ 4 ਸਾਲਾਂ ਤੋਂ ਇਸ ਕਲੱਬ ਵਿਰੁਧ ਲੜਾਈ ਲੜ ਰਹੀ ਹੈ ਤਾਂ ਬਤੌਰ ਡੀਐਸਜੀਪੀਸੀ ਪ੍ਰਧਾਨ ਦੇ ਕਾਰਜਕਾਲ ਦੌਰਾਨ ਉਹ (ਜੀ.ਕੇ.) ਖ਼ੁਦ ਕਿਥੇ ਸੁੱਤੇ ਪਏ ਸਨ? 'ਆਪ' ਵਿਧਾਇਕਾਂ ਨੇ ਪੂਰੇ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ 44 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਵਾਲੀ ਜਗ੍ਹਾ ਕਿਸੇ ਨਿੱਜੀ ਕੰਪਨੀ ਨੂੰ ਮੁਫ਼ਤ ਦੇਣ ਵਾਲਿਆਂ 'ਚ ਕੌਣ-ਕੌਣ ਸ਼ਾਮਲ ਹਨ ਅਤੇ ਇਨ੍ਹਾਂ ਗੁਪਤ ਇਕਰਾਰਨਾਮੇ ਕਰਨ ਵਾਲਿਆਂ ਦਾ ਬਾਦਲ ਪਰਵਾਰ ਨਾਲ ਕੀ ਸਬੰਧ ਹੈ, ਇਸ ਬਾਰੇ ਸਮਾਂਬੱਧ ਜਾਂਚ ਜਨਤਕ ਹੋਵੇ, ਕਿਉਂਕਿ ਅਜਿਹੀਆਂ ਮਾਰੂ ਅਤੇ ਭ੍ਰਿਸ਼ਟ ਗਤੀਵਿਧੀਆਂ ਨਾ ਕੇਵਲ ਸਿੱਖ ਪੰਥ ਸਗੋਂ ਸਿੱਖ ਸੰਸਥਾਵਾਂ ਦਾ ਵੀ ਘਾਣ ਕਰਦੀਆਂ ਹਨ।