ਅੰਮ੍ਰਿਤਸਰ 'ਚ ਸਿੱਖ ਜਥੇਬੰਦੀਆਂ ਨੇ 'ਕਾਲਾ ਦਿਨ' ਮਨਾਉਂਦਿਆਂ ਮੰਗੀ ਆਜ਼ਾਦੀ
ਕਾਲੇ ਕਾਨੂੰਨਾਂ ਰਾਹੀਂ ਸਿੱਖਾਂ ਦੀ ਆਵਾਜ਼ ਦਬਾਉਣ ਦਾ ਇਲਜ਼ਾਮ
ਅੰਮ੍ਰਿਤਸਰ:ਦੇਸ਼ ਵਿਚ ਭਾਵੇਂ ਅੱਜ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਅੰਮ੍ਰਿਤਸਰ ਵਿਚ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਇਟਡ ਅਕਾਲੀ ਦਲ ਸਮੇਤ ਕੁੱਝ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਇਆ ਅਤੇ ਹੱਥਾਂ ਵਿਚ ਤਖ਼ਤੀਆਂ ਅਤੇ ਕਾਲੇ ਝੰਡੇ ਫੜ ਕੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜੋ ਆਜ਼ਾਦੀ ਹਿੰਦੋਸਤਾਨ ਦੇ ਬਾਕੀ ਲੋਕਾਂ ਨੂੰ ਮਿਲੀ ਹੈ, ਉਹ ਆਜ਼ਾਦੀ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਸਕੀ। ਉਨ੍ਹਾਂ ਨੂੰ ਅੱਜ ਵੀ ਕਾਲੇ ਕਾਨੂੰਨਾਂ ਜ਼ਰੀਏ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਅਦਿਆਂ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਨਾਲ ਜੋੜਿਆ ਗਿਆ ਸੀ, ਉਹ ਪੂਰੇ ਨਹੀਂ ਕੀਤੇ ਗਏ। ਉਸ ਦੇ ਉਲਟ ਜੇਕਰ ਕੋਈ ਉਸ ਦੇ ਖਿਲਾਫ ਬੋਲਿਆ ਤਾਂ ਉਸ ‘ਤੇ ਜ਼ੁਲਮ ਢਾਹੇ ਗਏ।
ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ 1947 ਦੀ ਗੁਲਾਮੀਂ ਤੋ ਨਿਕਲ ਕੇ ਅਸੀਂ ਦੂਜੀ ਗੁਲਾਮੀ ਵਿਚ ਫਸ ਗਏ ਹਾਂ। ਉਹਨਾਂ ਦੱਸਿਆ ਕਿ ਇਹ ਰੋਸ ਉਹਨਾਂ ਦੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਯੂਏਪੀਏ ਐਕਟ ਨਾਲ ਬੋਲਣ ਅਤੇ ਲਿਖਣ ਦੇ ਹੱਕ ਨੂੰ ਦਬਾਇਆ ਜਾ ਰਿਹਾ ਹੈ। ਇਸ ਨਾਲ ਘੱਟ ਗਿਣਤੀਆਂ ਦੀ ਸੰਘੀ ਘੁੱਟੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਯੂਏਪੀਏ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ, ਪੰਜਾਬ ਦੇ ਕਿਸਾਨਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ।
ਇਸੇ ਤਰ੍ਹਾਂ ਨਰਾਇਣ ਸਿੰਘ ਚੌੜਾ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ 15 ਅਗਸਤ ਸਿੱਖਾਂ ਦੀ ਬਰਬਾਦੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਬੀਤੇ ਦਿਨ ਅਯੁੱਧਿਆ ਤੋਂ ਪੀਐਮ ਮੋਦੀ ਵੱਲੋਂ ਦਿੱਤਾ ਗਿਆ ਬਿਆਨ ਇੰਦਰਾ ਗਾਂਧੀ ਦੀਆਂ ਤੋਪਾਂ ਤੋਂ ਘੱਟ ਨਹੀਂ। ਇਸ ਮੌਕੇ ਉਨ੍ਹਾਂ ਨੇ ਯੂਏਪੀਏ ਦੇ ਕਾਲੇ ਕਾਨੂੰਨ ਨੂੰ ਸਿੱਖ ਵਿਰੋਧੀ ਦੱਸਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਇਸ ਕਾਲੇ ਕਾਨੂੰਨ ਦੇ ਨਿਸ਼ਾਨੇ ‘ਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਜ਼ਾ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖਾਂ ਨੂੰ ਰਿਆਹ ਨਹੀਂ ਕੀਤਾ ਜਾ ਰਿਹਾ। ਦੱਸ ਦਈਏ ਕਿ ਅੰਮ੍ਰਿਤਸਰ ਦੇ ਭੰਡਾਰੀ ਪੁਲ ਨੇੜੇ ਇਕੱਠੇ ਹੋਏ ਸਿੱਖਾਂ ਵੱਲੋਂ ਇਸ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਪੁਲਿਸ ਫੋਰਸ ਵੀ ਭਾਰੀ ਗਿਣਤੀ ਵਿਚ ਤਾਇਨਾਤ ਸੀ।