ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ; ਆਜ਼ਾਦੀ ਘੁਲਾਟੀਆਂ ਨੂੰ ਕੀਤਾ ਸਿਜਦਾ
ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਅਸੀਂ ਜਾਣਦੇ ਹਾਂ: CM ਭਗਵੰਤ ਮਾਨ
ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਆਜ਼ਾਦੀ 'ਚ ਅਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ।
ਇਹ ਵੀ ਪੜ੍ਹੋ: ਏਸ਼ੀਅਨ ਪੈਰਾ ਉਲੰਪਿਕ ਖੇਡਾਂ: ਜਸਪ੍ਰੀਤ ਕੌਰ ਸਰਾਂ ਡਿਸਕਸ ਥ੍ਰੋਅ ਵਿਚ ਕਰੇਗੀ ਭਾਰਤ ਦੀ ਪ੍ਰਤੀਨਿਧਤਾ
ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਖ਼ਾਤਰ ਜਿਨ੍ਹਾਂ ਲੋਕਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਵੀ ਮਿਲੀ, ਉਨ੍ਹਾਂ 'ਚ 80 ਫ਼ੀ ਸਦੀ ਪੰਜਾਬੀ ਸਨ। ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਵਾਇਆ ਅਤੇ ਅਸੀਂ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜਾਣਦੇ ਹਾਂ। ਜਿਹੜੇ ਲੋਕ ਸਾਨੂੰ ਆਜ਼ਾਦੀ ਦਾ ਮਤਲਬ ਸਮਝਾਉਂਦੇ ਹਨ, ਉਨ੍ਹਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਾ ਦੱਸੋ। ਅੱਜ ਵੀ ਪੰਜਾਬ ਦੇ ਨੌਜਵਾਨ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਹਿੱਕਾਂ ਤਾਣ ਕੇ ਖੜ੍ਹੇ ਹਨ ਕਿਉਂਕਿ ਦੁਸ਼ਮਣ ਵਾਲੇ ਪਾਸਿਉਂ ਭਾਵੇਂ ਉਹ ਪਾਕਿਸਤਾਨ ਹੋਵੇ, ਚੀਨ ਹੋਵੇ ਜਾਂ ਅਸਾਮ ਹੋਵੇ, ਜੇ ਕੋਈ ਗੋਲੀ ਆਉਂਦੀ ਹੈ ਤਾਂ ਦੇਸ਼ ਵਾਲੇ ਪਾਸੇ ਸੱਭ ਤੋਂ ਪਹਿਲਾਂ ਪੰਜਾਬੀ ਸੀਨਾ ਤਾਣ ਕੇ ਖੜ੍ਹੇ ਹੁੰਦੇ ਹਨ।
ਇਹ ਵੀ ਪੜ੍ਹੋ: ਮਨੀਪੁਰ ਵਿਚ ਕਈਆਂ ਦੀ ਜਾਨ ਗਈ, ਧੀਆਂ ਦੇ ਸਨਮਾਨ ਨਾਲ ਖਿਲਵਾੜ ਹੋਇਆ ਪਰ ਹੁਣ ਸ਼ਾਂਤੀ ਹੈ: ਪ੍ਰਧਾਨ ਮੰਤਰੀ
ਸੀ.ਐਮ. ਨੇ ਕਿਹਾ ਕਿ, “ਆਜ਼ਾਦੀ ਪੂਰੇ ਦੇਸ਼ ਲਈ ਬਹੁਤ ਮਾਇਨੇ ਰੱਖਦੀ ਹੈ…ਪਰ ਪੰਜਾਬ ਦੀ ਮਿੱਟੀ ’ਤੇ ਜੰਮਿਆਂ ਲਈ ਆਜ਼ਾਦੀ ਦੇ ਪੈਮਾਨੇ ਵੱਖਰੇ ਨੇ…ਪੰਜਾਬ ਨੇ ਪਹਿਲਾਂ ਆਜ਼ਾਦੀ ਲੈਣ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਉਸ ਤੋਂ ਬਾਅਦ ਹੁਣ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਹਰ ਰੋਜ਼ ਯੋਗਦਾਨ ਪਾ ਰਹੇ ਹਾਂ…ਚਾਹੇ ਗੱਲ ਕਿਸਾਨ ਦੀ ਹੋਵੇ..ਜਵਾਨ ਦੀ ਹੋਵੇ..”।
ਇਹ ਵੀ ਪੜ੍ਹੋ: ਗ਼ਰੀਬ ਦੇ ਘਰ ਵਿਚ ਕਦੋਂ ਆਏਗੀ ਆਜ਼ਾਦੀਏ?
ਆਜ਼ਾਦੀ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ੁਲਮ ਖ਼ਿਲਾਫ਼ ਲੜਨਾ ਤਾਂ ਸਾਡੇ ਖੂਨ ਵਿਚ ਹੈ, ਇਹ ਜਜ਼ਬਾ ਸਾਨੂੰ ਸਾਡੇ ਗੁਰੂਆਂ ਤੋਂ ਮਿਲਿਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ, ਆਜ਼ਾਦੀ ਦੀ ਲੜ੍ਹਾਈ ਤਾਂ ਉਦੋਂ ਤੋਂ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿਤਾ ਤੇ ਛੋਟੇ ਸਾਹਿਬਜ਼ਾਦਿਆਂ ਨੇ ਜਾਨਾਂ ਵਾਰ ਦਿਤੀਆਂ ਪਰ ਈਨ ਨਹੀਂ ਮੰਨੀ। 1947 ਦੀ ਵੰਡ ਦਾ ਜ਼ਿਕਰ ਕਰਦਿਆਂ ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਆਜ਼ਾਦੀ ਨੇ ਕਈ ਜ਼ਖ਼ਮ ਦਿਤੇ ਤੇ ਇਹ ਜ਼ਖ਼ਮ ਅੱਜ ਤਕ ਨਹੀਂ ਭਰੇ ਗਏ। 10 ਲੱਖ ਲੋਕ ਮਾਰੇ ਗਏ, ਉਹ ਅਪਣੇ ਹੀ ਦਾਦੇ-ਪੜਦਾਦੇ, ਨਾਨੇ-ਪੜਨਾਨੇ ਸਨ। ਉਦੋਂ ਪੰਜਾਬ ਵੀ ਵੰਡਿਆ ਗਿਆ ਤੇ ਲੋਕ ਵੀ ਵੰਡੇ ਗਏ। ਇਹ ਆਜ਼ਾਦੀ ਪੰਜਾਬੀਆਂ ਨੂੰ ਬਹੁਤ ਮਹਿੰਗੀ ਮਿਲੀ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਲਗਾਤਾਰ 10ਵੀਂ ਵਾਰ ਲਹਿਰਾਇਆ ਤਿਰੰਗਾ
ਇਸ ਮੌਕੇ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਿੱਟੇ ਦੇ ਖ਼ਿਲਾਫ਼ ਸਾਰਾ ਤਾਣਾ-ਬਾਣਾ ਤਿਆਰ ਹੈ। ਹੁਣ ਅਸੀਂ ਬਹੁਤ ਵੱਡੀ ਪਲਾਨਿੰਗ ਨਾਲ ਤਿਆਰ ਹਾਂ ਅਤੇ ਲੋਕਾਂ ਸਾਹਮਣੇ ਜਲਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਚਿੱਟਾ ਖਾਂਦੇ ਹਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇਗਾ ਤੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ 15 ਅਗਸਤ ਤੋਂ ਪਹਿਲਾਂ ਪੰਜਾਬ ਚਿੱਟੇ ਦਾ ਕਲੰਕ ਧੋਣ 'ਚ ਕਾਮਯਾਬ ਹੋ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ' ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਰਬਸੰਮਤੀ ਨਾਲ ਸਰਪੰਚ ਚੁਣਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਦਿਤੀ ਜਾਵੇਗੀ।