ਕੈਪਟਨ ਅਮਰਿੰਦਰ ਸਿੰਘ ਨੇ ਸਪੋਕਸਮੈਨ ਦੀ ਵਿਸ਼ੇਸ਼ ਖ਼ਬਰ ਦਾ ਲਿਆ ਸਖ਼ਤ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਉੜੀਸਾ ਦੇ ਹਮਰੁਤਬਾ ਤੋਂ ਗੁਰੂ ਸਾਹਿਬ ਨਾਲ ਸਬੰਧਤ ਮੰਗੂ ਮੱਠ ਢਾਹੁਣ ਦਾ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ

Spokesman News

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਵਿਚ ਛਪੀ ਇਕ ਐਕਸਕਲੂਸਿਵ ਸਟੋਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਉੜੀਸਾ ਦੇ ਹਮਰੁਤਬਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਢਾਹੁਣ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਰੋਜ਼ਾਨਾ ਸਪੋਕਸਮੈਨ ਨੇ 13 ਸਤੰਬਰ ਦੇ ਅਖ਼ਬਾਰ ਵਿਚ 'ਉੜੀਸਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਢਾਹਿਆ' ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਵਿਚ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਜ਼ੋਰਦਾਰ ਢੰਗ ਨਾਲ ਉਭਾਰਿਆ ਸੀ

ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉੜੀਸਾ ਦੇ ਹਮਰੁਤਬਾ ਨਵੀਨ ਪਟਨਾਇਕ ਨੂੰ ਪੱਤਰ ਲਿਖ ਕੇ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੱਠ ਨੂੰ ਢਾਹੁਣ ਦੇ ਕਦਮ ਨੂੰ ਮੰਦਭਾਗਾ ਦਸਿਆ ਜਿਸ ਦੀ ਸਿੱਖ ਭਾਈਚਾਰੇ ਲਈ ਸਦੀਆਂ ਪੁਰਾਣੀ ਮਹੱਤਤਾ ਹੈ ਕਿਉਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਮੰਦਰ ਗਏ ਸਨ ਜਿਥੇ ਆਪ ਜੀ ਨੇ ਪ੍ਰਮਾਤਮਾ ਇਕ ਹੈ ਦਾ ਵਿਸ਼ਵ-ਵਿਆਪੀ ਸੰਦੇਸ਼ ਦਿਤਾ ਸੀ। ਕੈਪਟਨ ਨੇ ਕਿਹਾ ਕਿ ਖ਼ਬਰ ਪੜ੍ਹ ਕੇ ਡੂੰਘੀ ਠੇਸ ਪਹੁੰਚੀ ਹੈ ਕਿ ਜਦੋਂ ਪੂਰਾ ਵਿਸ਼ਵ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਨਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਵਿਚ ਜੁਟਿਆ ਹੋਇਆ ਤਾਂ ਉਸ ਵੇਲੇ ਉੜੀਸਾ ਸਰਕਾਰ ਵਲੋਂ ਇਤਿਹਾਸਕ ਮੱਠ ਨੂੰ ਢਾਹ ਦੇਣ ਬਾਰੇ ਫ਼ੈਸਲਾ ਲਿਆ ਗਿਆ ਜਦਕਿ ਇਹ ਮੱਠ ਸਿੱਖ ਧਰਮ ਅਤੇ ਜਗਨਨਾਥ ਮੰਦਰ ਦਰਮਿਆਨ ਆਪਸੀ ਸਬੰਧ ਹੋਣ ਦਾ ਪ੍ਰਤੀਕ ਹੈ।

ਸਪੋਕਸਮੈਨ ਦੀ ਖ਼ਬਰ ਮੁਤਾਬਕ ਉੜੀਸਾ ਸਰਕਾਰ ਨੇ ਜਗਨਨਾਥ ਮੰਦਰ ਦੇ 'ਮੇਘਾਨਾਦ ਪ੍ਰਾਚੀਰ' ਦੇ 75 ਮੀਟਰ ਅੰਦਰਲੇ ਹਿੱਸੇ ਵਿਚ ਵਿਰਾਸਤੀ ਲਾਂਘੇ ਦਾ ਰਸਤਾ ਬਣਾਉਣ ਲਈ ਇਤਿਹਾਸਕ ਤੌਰ 'ਤੇ ਅਹਿਮਤੀਅਤ ਰੱਖਦੇ ਮੱਠ ਨੂੰ ਢਾਹੁਣ ਦਾ ਫ਼ੈਸਲਾ ਲਿਆ। ਇਕ ਸਿੱਖ ਪ੍ਰਚਾਰਕ ਅਤੇ ਉਦਾਸੀ ਸੰਪਰਦਾ ਦੇ ਧੂੜੀ ਦੇ ਮੁਖੀ ਭਾਈ ਅਲਮਸਤ ਵਲੋਂ ਸਾਲ 1615 ਵਿਚ ਸਥਾਪਤ ਕੀਤੇ ਮੰਗੂ ਮੱਠ ਵਿਚ ਸਾਲ 1670 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਵੀ ਅਪਣੇ ਚਰਨ ਪਾਏ ਸਨ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਪਾਸਾਰ ਲਈ ਭਾਈ ਅਲਮਸਤ ਨੂੰ ਸੇਵਾ ਸੌਂਪੀ ਸੀ।

ਉੜੀਸਾ ਸਰਕਾਰ ਵਲੋਂ ਜਗਨਨਾਥ ਪੁਰੀ ਦੇ ਮੰਦਰ ਨੇੜੇ ਗੁਰੂ ਨਾਨਕ ਸਾਹਿਬ ਵਲੋਂ ਇਕ  ਰੱਬ ਦੀ ਆਰਤੀ ਉਚਾਰਨ ਵਾਲੇ ਇਤਿਹਾਸਕ ਅਸਥਾਨ ਨੂੰ ਢਾਹੁਣ ਦੇ ਫ਼ੈਸਲੇ ਦੇ ਵਿਰੋਧ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਚਿੱਠੀ ਲਿਖ ਕੇ ਰੋਸ ਪ੍ਰਗਟਾਉਂਦੇ ਹੋਏ ਮੁੜ ਉਸੇ ਥਾਂ 'ਤੇ ਗੁਰਦਵਾਰੇ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਮਲੀਆਮੇਟ ਹੀ ਨਹੀਂ ਕਰ ਰਹੀ, ਸਗੋਂ ਜਗਨਨਾਥ ਪੁਰੀ ਮੰਦਰ ਦੇ ਅਤੀਤ ਨੂੰ ਵੀ ਭੁਲਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇ ਸਰਕਾਰ ਨੇ ਅਪਣੀ ਗ਼ਲਤੀ ਨੂੰ ਨਹੀਂ ਸੁਧਾਰਿਆ ਤਾਂ ਅਸੀ ਕਾਨੂੰਨੀ ਤੇ ਸਿਆਸੀ ਰਾਹ ਅਪਣਾਵਾਂਗੇ।