'ਜਥੇਦਾਰ' ਅਤੇ ਸ਼੍ਰੋਮਣੀ ਕਮੇਟੀ ਬਾਦਲਾਂ ਦੀਆਂ ਵੋਟਾਂ ਬਚਾਉਣ ਲਈ ਯਤਨਸ਼ੀਲ : ਕਿੱਕੀ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਿਧਾਇਕ ਅਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਦੋਸ਼ ਲਾਇਆ......

Gram Panchayat honoring Shahid Bittu's father Sadhu Singh and MLA Kiki Dhillon.

ਕੋਟਕਪੂਰਾ  (ਗੁਰਿੰਦਰ ਸਿੰਘ) : ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਿਧਾਇਕ ਅਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਦੋਸ਼ ਲਾਇਆ ਕਿ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਪੰਥ ਦਾ ਕੁੱਝ ਸਵਾਰਨ ਦੀ ਬਜਾਏ ਅਪਣੇ ਅਕਾਵਾਂ ਬਾਦਲ ਪਿਉ-ਪੁੱਤ ਦੀਆਂ ਵੋਟਾਂ ਦਾ ਪ੍ਰਬੰਧ ਕਰਨ ਲਈ ਪੰਥ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।

ਅੱਜ ਤੋਂ ਚਾਰ ਸਾਲ ਪਹਿਲਾਂ ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਭਾਈ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਈ ਗੁਰਜੀਤ ਸਿੰਘ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੀ ਯਾਦ 'ਚ ਪਿੰਡ ਸਰਾਵਾਂ ਵਿਖੇ ਬਣੇ ਯਾਦਗਾਰੀ ਹਾਲ 'ਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿੱਕੀ ਢਿੱਲੋਂ ਨੇ ਦਸਿਆ

ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪਤਾ ਹੋਣ ਦੇ ਬਾਵਜੂਦ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਨਤਕ ਕਰਨ ਦੀ ਜ਼ਰੂਰਤ ਹੀ ਨਾ ਸਮਝੀ ਪਰ ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਜਿਸ ਨੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲਿਆਂ ਦੇ ਨਾਲ-ਨਾਲ ਉਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਵਾਲਿਆਂ ਨੂੰ ਵੀ ਜਨਤਕ ਕੀਤਾ, ਪੁਲਿਸ ਮਾਮਲੇ ਦਰਜ ਹੋਏ, ਜਾਂਚ ਕਮਿਸ਼ਨ ਦੀ ਪੜਤਾਲ ਲਈ ਹੋਂਦ 'ਚ ਆਈ ਐਸਆਈਟੀ ਨੇ ਕਈ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਕਟਹਿਰੇ 'ਚ ਖੜਾ ਕਰਨ ਤੋਂ ਗੁਰੇਜ ਨਾ ਕੀਤਾ।

ਕਿੱਕੀ ਢਿੱਲੋਂ ਨੇ ਸ਼ਹੀਦ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਚਾਇਤ ਵਲੋਂ ਲਿਖਤੀ ਤੌਰ 'ਤੇ ਪੇਸ਼ ਕੀਤੀਆਂ ਪਿੰਡ ਦੀਆਂ ਸਾਂਝੀਆਂ ਮੰਗਾਂ ਮੰਨਣ ਦਾ ਐਲਾਨ ਕਰਦਿਆਂ, ਸਕੂਲ ਅਤੇ ਸੜਕ ਦਾ ਨਾਮ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਨਾਮ 'ਤੇ ਰੱਖਣ ਦੀ ਮੰਗ ਵੀ ਮੁੱਖ ਮੰਤਰੀ ਤਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਅੰਤ 'ਚ ਦੋਨੋਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਵਲੋਂ ਸਰਪੰਚ ਅਜੈਬ ਸਿੰਘ ਅਤੇ ਸਰਪੰਚ ਰਛਪਾਲ ਕੌਰ ਦੀ ਅਗਵਾਈ 'ਚ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੂਰਜ ਭਾਰਦਵਾਜ ਨੂੰ ਸਿਰੋਪਾਉ ਦੇ ਕੇ ਸਨਮਾਨਤ ਵੀ ਕੀਤਾ ਗਿਆ।