ਬੇਅਦਬੀ ਕਾਂਡ : ਮੁਕੱਦਮਾ ਬੰਦ ਕਰਨ ਦੀ ਰੀਪੋਰਟ ਪਿੱਛੇ ਅਕਾਲੀ ਦਲ ਦੀ ਸਾਜ਼ਸ਼: ਕਿੱਕੀ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਜੇ ਅਕਾਲੀ ਦਲ ਮੁਕੱਦਮੇ ਬੰਦ ਕਰਨ ਦੀ ਰੀਪੋਰਟ ਦੇ ਸੱਚਮੁੱਚ ਵਿਰੁਧ ਹੈ ਤਾਂ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਦਿਵਾਉਣ।

Kusaldeep Singh Kiki Dhillon

ਫ਼ਰੀਦਕੋਟ : ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਅੱਜ ਇਥੇ ਅਪਣੇ ਘਰ ਪ੍ਰੈਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸੀ.ਬੀ.ਆਈ ਵਲੋਂ ਦਰਜ ਕੀਤੇ ਗਏ ਤਿੰਨ ਮੁਕੱਦਮਿਆਂ ਨੂੰ ਬੰਦ ਕਰਨ ਲਈ ਜਿਹੜੀ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ, ਉਸ ਵਿਚ ਅਕਾਲੀ ਦਲ ਦਾ ਅਹਿਮ ਰੋਲ ਹੈ। 

ਜਾਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਹਰਿਆਣਾ ਵਿਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਭਾਜਪਾ ਡੇਰਾ ਸੱਚਾ ਸੌਦਾ ਦੀ ਵੋਟ ਲੈਣ ਲਈ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ 'ਤੇ ਰਿਹਾਅ ਕਰਵਾਉਣਾ ਚਾਹੁੰਦੀ ਸੀ ਪਰੰਤੂ ਵਿਵਾਦ ਪੈਦਾ ਹੋਣ ਤੋਂ ਬਾਅਦ ਭਾਜਪਾ ਨੂੰ ਅਪਣਾ ਫ਼ੈਸਲਾ ਬਦਲਣਾ ਪਿਆ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਕਲੋਜ਼ਰ ਰੀਪੋਰਟ ਲਈ ਅਕਾਲੀ ਦਲ ਤੇ ਭਾਜਪਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਮੁਕੱਦਮੇ ਬੰਦ ਕਰਨ ਦੀ ਰੀਪੋਰਟ ਦੇ ਸੱਚਮੁੱਚ ਵਿਰੁਧ ਹੈ ਤਾਂ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਦਿਵਾਉਣ।

ਵਿਧਾਇਕ ਨੇ ਕਿਹਾ ਕਿ ਬੇਅਦਬੀ ਕਾਂਡ ਵਿਚ ਅਕਾਲੀਆਂ ਦੀ ਵੱਡੀ ਸ਼ਮੂਲੀਅਤ ਹੈ ਅਤੇ ਸੀ.ਬੀ.ਆਈ ਨੇ ਪੜਤਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਬੇਅਦਬੀ ਕਾਂਡ ਵਿਚ ਕਲੋਜ਼ਰ ਰੀਪੋਰਟ ਪੇਸ਼ ਕਰਵਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ। ਕਾਂਗਰਸੀ ਵਿਧਾਇਕ ਨੇ ਇਹ ਵੀ ਦੋਸ਼ ਲਾਇਆ ਕਿ ਇਸ ਰੀਪੋਰਟ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਸੀ.ਬੀ.ਆਈ ਨੇ ਗੁਪਤ ਰੱਖਿਆ।

ਇਸੇ ਤਰਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਪੈਰੋਲ 'ਤੇ ਰਿਹਾਅ ਕਰਨ ਦੀ ਕਾਰਵਾਈ ਵੀ ਚੁੱਪ ਚੁਪੀਤੇ ਵਿੱਢੀ ਗਈ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਅਕਾਲੀ ਦਲ ਦੇ ਇਸ਼ਾਰਿਆਂ 'ਤੇ ਚਲ ਰਹੀ ਹੈ ਅਤੇ ਅਕਾਲੀ ਦਲ ਦੀ ਸਹਿਮਤੀ ਨਾਲ ਹੀ ਬੇਅਦਬੀ ਕਾਂਡ ਦੀ ਕਲੋਜ਼ਰ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ।