PSEB ਵਲੋਂ ਬੋਰਡ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

PSEB

ਮੋਹਾਲੀ :  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵਲੋਂ 8ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 3 ਮਾਰਚ, 2020 ਤੋਂ ਲਈਆਂ ਜਾਣਗੀਆਂ, ਜਦਕਿ 10ਵੀਂ ਦੀਆਂ ਪ੍ਰੀਖਿਆਵਾਂ 17 ਮਾਰਚ ਤੋਂ ਸਵੇਰ ਦੇ ਸੈਸ਼ਨ 'ਚ ਕਰਵਾਈਆਂ ਜਾਣਗੀਆਂ। ਬੋਰਡ ਨੇ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਮਾਰਚ-2020 ਦਾ ਸੰਚਾਲਨ ਕਰਨ ਲਈ 10ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੀ ਤਰਜ਼ 'ਤੇ ਤਿਕੋਣੀ ਵਿਧੀ ਅਨੁਸਾਰ ਪ੍ਰੀਖਿਆ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।

ਬੋਰਡ ਦੇ ਸਹਾਇਕ ਸਕੱਤਰ (5ਵੀਂ ਤੇ 8ਵੀਂ) ਨੇ ਸਮੂਹ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ 10ਵੀਂ ਸ਼੍ਰੇਣੀ ਮਾਰਚ-2019 ਦੀਆਂ ਪ੍ਰੀਖਿਆਵਾਂ ਦੇ ਕੰਸੋਲੀਡੇਸ਼ਨ ਰਜਿਸਟਰ 'ਚ ਦਰਜ ਪ੍ਰੀਖਿਆ ਕੇਂਦਰਾਂ 'ਚ 8ਵੀਂ ਸ਼੍ਰੇਣੀ ਨਾਲ ਸਬੰਧਿਤ ਸਕੂਲ ਬਿਠਾ ਕੇ 8ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਕਰਵਾਇਆ ਜਾਵੇ। ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਜੋ ਸਕੂਲ ਸਿਰਫ 8ਵੀਂ ਸ਼੍ਰੇਣੀ ਦੇ ਪੱਧਰ ਤੱਕ ਦੇ ਹਨ, ਉਨ੍ਹਾਂ ਦੇ ਨਾਲ ਸਬੰਧਿਤ ਕੰਪਲੈਕਸ ਸਕੂਲਾਂ ਨੂੰ ਅਲਾਟ ਕੀਤੇ ਗਏ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣ।

8ਵੀਂ ਤੱਕ ਦੇ ਐਫੀਲੀਏਟਿਡ ਅਤੇ ਐਸੋਸੀਏਟਡ ਸਕੂਲਾਂ ਨੂੰ ਉਨ੍ਹਾਂ ਦੇ ਨੇੜੇ ਪੈਂਦੇ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੇ ਪ੍ਰੀਖਿਆ ਕੇਂਦਰਾਂ 'ਚ ਬਿਠਾਇਆ ਜਾਵੇ ਅਤੇ ਲੋੜ ਪੈਣ 'ਤੇ ਐਫੀਲੀਏਟਡ ਸਕੂਲਾਂ 'ਚ ਪ੍ਰੀਖਿਆ ਕੇਂਦਰ ਸਥਾਪਤ ਕਰਕੇ 8ਵੀਂ ਦੀ ਪ੍ਰੀਖਿਆ ਦਾ ਸੰਚਾਲਨ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੋਂ ਬਾਅਦ 8ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰਾਂ ਦੀ ਸੂਚੀ ਮੁੰਕਮਲ ਕਰਕੇ 30 ਨਵੰਬਰ ਤੱਕ ਈ-ਮੇਲ 'ਤੇ ਭੇਜਣੀ ਜ਼ਰੂਰੀ ਹੈ, ਤਾਂ ਜੋ ਪ੍ਰਸ਼ਨ-ਪੱਤਰ ਅਤੇ ਉੱਤਰ-ਪੱਤਰੀਆਂ ਭੇਜਣ ਦੀ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।