ਸ਼ਹੀਦੀਆਂ ਦੇ ਦਿਨਾਂ ਚ ਸਿੱਖ ਵਿਆਹ ਕਰੀ ਜਾਂਦੇ ਨੇ, ਚੋਣਾਂ ਕੀ ਕਹਿੰਦੀਆਂ ਨੇ? : ਤ੍ਰਿਪਤ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿਚ ਮਤਭੇਦ ਪੈਦਾ ਹੋ ਗਏ ਹਨ ਅਤੇ ਇਨ੍ਹਾਂ ਮਤਭੇਦਾਂ ਦੇ...

Tript Rajinder Bajwa

ਚੰਡੀਗੜ੍ਹ (ਭਾਸ਼ਾ) : ਸੂਬੇ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿਚ ਮਤਭੇਦ ਪੈਦਾ ਹੋ ਗਏ ਹਨ ਅਤੇ ਇਨ੍ਹਾਂ ਮਤਭੇਦਾਂ ਦੇ ਚਲਦੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਦੇਖਦੇ ਹੋਏ ਪੰਚਾਇਤੀ ਚੋਣਾਂ ਦਿਸੰਬਰ ਦੇ ਮਹੀਨੇ ਵਿਚ ਨਾ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ  ਸਰਕਾਰ ਨੇ ਕੋਈ ਪ੍ਰਵਾਹ ਨਾ ਮੰਨਦੇ ਹੋਏ ਚੋਣਾਂ ਦਾ ਐਲਾਨ ਕਰਵਾ ਦਿਤਾ | ਸ਼ਹੀਦੀ ਦਿਹਾੜਿਆਂ ਦੇ ਮੌਕੇ ਰੱਖੀਆਂ ਗਈਆਂ ਪੰਚਾਇਤੀ ਚੋਣਾਂ ਬਾਰੇ ਬੋਲਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ।

ਕਿ ਇਨ੍ਹਾਂ ਦਿਨਾਂ ਵਿਚ ਸਿੱਖ ਤਾਂ ਵਿਆਹ ਰੱਖੀ ਫਿਰਦੇ ਹਨ, ਚੋਣਾਂ ਨਾਲ ਕੀ ਹੋਣ ਲੱਗਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਰਾਬ ਨਾ ਪੀਣ ਵਾਲੇ ਪਹਿਲਾਂ ਵੀ ਨਹੀਂ ਪੀਂਦੇ ਸਨ ਅਤੇ ਚੋਣਾਂ ਦੌਰਾਨ ਵੀ ਨਹੀਂ ਪੀਣਗੇ। ਦੱਸ ਦੇਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਅਤੇ ਨਸ਼ੇ ਦੀ ਵਰਤੋਂ ਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ। ਨਸ਼ੇ ਦੀ ਵਰਤੋਂ ਨੂੰ ਦੇਖਦੇ ਹੋਏ ਸਿੱਖ ਜਥੇਬੰਦੀਆਂ ਨੇ ਪੰਚਾਇਤੀ ਚੋਣਾਂ ਦੇਰੀ ਨਾਲ ਕਰਵਾਉਣ ਦੀ ਅਪੀਲ ਕੀਤੀ ਸੀ।

ਪਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ 30 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਧਰ ਇਸ ਮਾਮਲੇ ਵਿਚ  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਚੋਣਾਂ ਦਾ ਐਲਾਨ ਕਰ ਦਿਤਾ ਜਦ ਕਿ ਜੁਲਾਈ ਤੋਂ ਪੰਚਾਇਤਾਂ ਦਾ ਸਮਾਂ ਪੂਰਾ ਹੋਣ ਕਾਰਨ ਕੁੱਝ ਦਿਨ ਹੋਰ ਚੋਣਾਂ ਨੂੰ ਵੀ ਅੱਗੇ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਦਸੰਬਰ ਵਿਚ ਵੀ ਵਿਆਹ ਕਰਦੇ ਹੋਣਗੇ ਪਰ ਸਰਕਾਰ ਨੂੰ ਸਮੁੱਚੀ ਕੌਮ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਸੀ।