ਪੰਜਾਬ ‘ਚ ਖਾੜਕੂਵਾਦ ਬਾਦਲ ਦੀ ਮੌਕਾਪ੍ਰਸਤ ਵੋਟ ਸਿਆਸਤ ਕਾਰਨ ਪੈਦਾ ਹੋਇਆ :ਤ੍ਰਿਪਤ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ...

Terrorist violence in Punjab rooted in Badal’s electoral politics: Tript Bajwa

ਚੰਡੀਗੜ੍ਹ (ਸਸਸ) : ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸੌੜੀ ਅਤੇ ਮੌਕਾਪ੍ਰਸਤ ਵੋਟ ਰਾਜਨੀਤੀ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ ੧੫ ਵਰ੍ਹੇ ਖਾੜਕੂਵਾਦ ਦਾ ਸੰਤਪ ਭੋਗਣਾ ਪਿਆ ਸੀ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬੁਤਰਸ ਘਾਲ਼ੀ ਨੂੰ ਖਾਲਿਸਤਾਨ ਦੀ ਕਾਇਮੀ ਲਈ ਮੈਮੋਰੰਡਮ ਦੇ ਕੇ ਅਤਿਵਾਦੀ ਕਾਰਵਾਈਆਂ ਨੂੰ ਸ਼ਹਿ ਦੇਣ ਲਈ ਸ਼੍ਰੀ ਬਾਦਲ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਸ਼੍ਰੀ ਬਾਜਵਾ ਨੇ ਕਿਹਾ ਕਿ 1978 ਵਿਚ ਅਕਾਲੀ ਦਲ- ਜਨਤਾ ਪਾਰਟੀ ਦੇ ਰਾਜ ਦੌਰਾਨ ਸ਼੍ਰੀ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇੱਕ ਧੜੇ ਦੀ ਖੁਸਨੂਦੀ ਹਾਸਲ ਕਰ ਕੇ ਵੋਟਾਂ ਬਟੋਰਨ ਦੀ ਅਜਿਹੀ ਮੌਕਾਪ੍ਰਸਤ ਸਿਆਸਤ ਖੇਡੀ ਜਿਸ ਨੇ ਸ਼ਾਂਤ ਤੇ ਘੁੱਗ ਵਸਦੇ ਪੰਜਾਬ ਵਿਚ ਹਿੰਸਾ ਭੜਕਾਈ। ਉਹਨਾਂ ਕਿਹਾ ਕਿ ਸ਼੍ਰੀ ਬਾਦਲ ਇਹ ਵੀ ਦੱਸਣ ਕਿ ਉਹਨਾਂ ਨੇ ਸਤੰਬਰ 2015 ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਦੇਣ ਤੋਂ ਐਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਚੰਡੀਗੜ੍ਹ ਵਿਚ ਆਪਣੀ ਸਰਕਾਰੀ ਰਿਹਾਇਸ਼ ਉੱਤੇ ਕਿਉਂ ਤਲਬ ਕੀਤਾ ਸੀ। 

ਉਹਨਾਂ ਕਿਹਾ ਕਿ ਇਹ ਬੜਾ ਹੀ ਹਾਸੋਹੀਣਾ ਤੱਥ ਹੈ ਕਿ ਪੰਜਾਬ ਨੂੰ ਅਜਿਹੀ ਸਥਿਤੀ ਵਿਚ ਪਹੁੰਚਾਉਣ ਲਈ ਜਿੰਮੇਵਾਰ ਹਬਥ ਬਾਦਲ ਕਾਂਗਰਸ ਸੂਬੇ ਵਿਚ ਹਿੰਸਾ ਭੜਕਾਉਣ ਦੇ ਦੋਸ਼ ਕਾਂਗਰਸ ਦੇ ਸਿਰ ਮੜ੍ਹ ਰਹੇ ਹਨ। ਸ਼੍ਰੀ ਬਾਜਵਾ ਨੇ ਕਿਹਾ ਕਿ ਜੇਕਰ ਸ਼੍ਰੀ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਸੁਹਿਰਦਤਾ ਨਾਲ ਲੋੜੀਂਦੀ ਕਾਰਵਾਈ ਕੀਤੀ ਹੁੰਦੀ ਤਾਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚੋਰੀ ਹੋਣ ਤੋਂ ਬਾਅਦ ਦੇ ਦੁਖਦਾਈ ਘਟਨਾਕ੍ਰਮ ਨੂੰ ਟਾਲਿਆ ਜਾ ਸਕਦਾ ਸੀ।

ਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਲੱਭਣ ਲਈ ਇਕ ਕਦਮ ਵੀ ਨਹੀਂ ਪੁੱਟਿਆਂ ਕਿਉਂਕਿ ਉਹਨਾਂ ਖੁਦ ਅਤੇ ਉਹਨਾਂ ਦੇ ਪੁੱਤਰ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਚੋਣਾਂ ਦੌਰਾਨ ਹਮਾਇਤ ਲੈਣ ਲਈ ਗੰਢ-ਤੁੱਪ ਕੀਤੀ ਗਈ ਸੀ। 

ਉਹਨਾਂ ਸ਼੍ਰੀ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਉੱਤੇ ਆਪਣੇ ਨਿੱਜੀ ਅਤੇ ਸਿਆਸੀ ਮੁਫ਼ਾਦਾਂ ਲਈ ਇਕ ਖਾਸ ਵਰਗ ਦੇ ਲੋਕਾਂ ਦੀ ਖੁਸਨੂਦੀ ਹਾਸਲ ਕਰਨ ਵਾਲੀ ਮੌਕਾਪ੍ਰਸਤ ਰਾਜਨੀਤੀ ਕਰਨ ਦੇ ਦੋਸ਼ ਹੋਰ ਕਿਸੇ ਵਲੋਂ ਨਹੀਂ ਸਗੋਂ 1979 ਦੌਰਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਲਾਏ ਸਨ।

ਸ਼੍ਰੀ ਬਾਜਵਾ ਨੇ  ਕਿਹਾ ਕਿ ਇਹ ਬਾਦਲ ਸਰਕਾਰ ਹੀ ਜਿਸ ਨੇ 13 ਅਪ੍ਰੈਲ 1978  ਨੂੰ ਅੰਮ੍ਰਿਤਸਰ ਵਿਖੇ ਹੋਈ ਸਿੱਖ-ਨਿਰੰਕਾਰੀ ਝੜਪ ਲਈ ਜਿੰਮੇਵਾਰ ਨਿਰੰਕਾਰੀ ਮੁਖੀ ਬਾਬਾ ਗੁਰਚਰਨ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਬਰੀ ਹੋਣ ਦੇ ਵਿਰੁੱਧ ਕੋਈ ਅਪੀਲ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ 20 ਅਗਸਤ 1980 ਨੂੰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੇ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਕਤਲ ਦੀ ਸਰਾਹਨਾ ਕਰ ਕੇ ਹਿੰਸਾ ਨੂੰ ਜ਼ਾਇਜ ਠਹਿਰਾਉਂਦਿਆਂ ਕਾਤਲਾਂ ਦੀ ਪਿੱਠ ਥਾਪੜੀ ਸੀ। 

ਉਹਨਾਂ ਕਿਹਾ ਕਿ ਸ਼੍ਰੀ ਬਾਦਲ ਦੀ ਹਾਜ਼ਰੀ ਵਿਚ ਹੀ ਖਾੜਕੂ ਨੇਤਾ ਗੁਰਬਚਨ ਸਿੰਘ ਮਨੋਚਾਹਲ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਸੀ ਅਤੇ ਜੇ ਸ਼੍ਰੀ ਬਾਦਲ ਚਾਹੁਣ ਤਾਂ ਇਸ ਸਮਾਗਮ ਦੀਆਂ ਤਸਵੀਰ ਵੀ ਜਗ ਜ਼ਾਹਿਰ ਕੀਤੀਆਂ ਜਾ ਸਕਦੀਆਂ ਹਨ ਜਿਹੜੀਆਂ ਸ਼੍ਰੀ ਬਾਦਲ ਅਤੇ ਖਾੜਕੂਆਂ ਦਰਮਿਆਨ ਨੇੜਲੇ ਸਬੰਧਾਂ ਦਾ ਜਿਉਂਦਾ ਜਾਗਦਾ ਸਬੂਤ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਇਹ ਬੜਾ ਹੀ ਹਾਸੋਹੀਣਾ ਮਾਮਲਾ ਹੈ ਕਿ ਜਿਸ ਬੰਦੇ ਨੇ ਖੁਦ ਖਾਲਿਸਤਾਨ ਦੇ ਮੈਮੋਰੈਂਡਮ 'ਤੇ ਸਹੀ ਪਾ ਕੇ ਖਾੜਕੂਵਾਦ ਨੂੰ ਸ਼ਹਿ ਦਿੱਤੀ ਸੀ ਉਹੀ ਵਿਅਕਤੀ ਹੁਣ ਕਾਂਗਰਸ 'ਤੇ ਬੇਬੁਨਿਆਦ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ।  

Related Stories