ਮਨਪ੍ਰੀਤ ਬਾਦਲ ਨੇ ਬ੍ਰਿਟਿਸ਼ ਆਰਮੀ ਵਫਦ ਨਾਲ ਸਾਂਝਾ ਕੀਤਾ ਪੁਰਾਤਨ ਮਿਲਟਰੀ ਲਿਟਰੇਚਰ
ਬ੍ਰਿਟਿਸ਼ ਆਰਮੀ ਦੇ ਵਫਦ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦਾ ਨਿੱਜੀ ਦੌਰਾ ਕੀਤਾ।
ਚੰਡੀਗੜ੍ਹ: ਸਥਾਨਕ ਲੇਕ ਕਲੱਬ ਵਿਖੇ ਚੱਲ ਰਹੇ 'ਮਿਲਟਰੀ ਲਿਟਰੇਚਰ ਫ਼ੈਸਟੀਵਲ-2019' ਦੌਰਾਨ ਉੱਘੇ ਇਤਿਹਾਸਕਾਰ ਮਾਰੂਫ਼ ਰਜ਼ਾ ਵੱਲੋਂ ਲਿਖੀ ਗਈ ਕਿਤਾਬ 'ਕਸ਼ਮੀਰ-ਦ ਅਨਟੋਲਡ ਸਟੋਰੀ-ਡੀਕਲਾਸੀਫ਼ਾਈਡ' ਨੇ ਕਸ਼ਮੀਰ ਸਮੱਸਿਆ ਦੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਜਗਤਵੀਰ ਸਿੰਘ ਅਤੇ ਭਾਰਤੀ ਸੈਨਾ ਦੇ ਸੇਵਾਮੁਕਤ ਅਫ਼ਸਰ ਅਤੇ ਉੱਘੇ ਰੱਖਿਆ ਮਾਹਿਰ ਮਾਰੂਫ਼ ਰਜ਼ਾ ਨੇ ਆਜ਼ਾਦੀ ਉਪਰੰਤ ਕਸ਼ਮੀਰ ਦੀ ਸਮੱਸਿਆ ਦੇ ਉਭਰਨ ਦੇ ਕਾਰਨਾਂ ਸਬੰਧੀ ਚਰਚਾ ਕੀਤੀ।
ਚਰਚਾ ਦੌਰਾਨ ਉਹਨਾਂ ਕਿਹਾ ਕਿ ਇਸ ਸਮੱਸਿਆ ਨੂੰ ਉਭਾਰਨ 'ਚ ਪਾਕਿਸਤਾਨ, ਚੀਨ ਅਤੇ ਇੱਥੋਂ ਤੱਕ ਕਿ ਅੰਗਰੇਜ਼ੀ ਸਾਮਰਾਜ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿਚ ਪਹਿਲੀ ਵਾਰ ਪਾਕਿਸਤਾਨੀ ਝੰਡਾ 31 ਅਕਤੂਬਰ 1947 ਨੂੰ ਇਕ ਅੰਗਰੇਜ਼ ਫ਼ੌਜੀ ਅਫ਼ਸਰ ਦੀ ਅਗਵਾਈ ਹੇਠ ਲਹਿਰਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਪਾਕਿਤਸਾਨ ਨੇ ਇਸ ਕੰਮ ਲਈ ਦੇਸ਼ ਦਾ ਵੱਡਾ ਸਨਮਾਨ ਦਿੱਤਾ।
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਆਜ਼ਾਦੀ ਉਪਰੰਤ ਕਸ਼ਮੀਰ ਵਿਚ ਪਹਿਲੀ ਘੁਸਪੈਠ ਵੀ ਅੰਗਰੇਜ਼ ਫ਼ੌਜੀ ਅਫ਼ਸਰਾਂ ਦੀ ਰਣਨੀਤੀ ਦਾ ਹਿੱਸਾ ਸੀ, ਜਿਸ ਤਹਿਤ ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਨੂੰ ਜੰਮੂ ਕਸ਼ਮੀਰ 'ਚੋਂ ਬਾਹਰ ਜਾਣ ਦਾ ਹੁਕਮ ਦਿੱਤਾ ਤਾਂ ਜੋ ਇਨ੍ਹਾਂ ਘੁਸਪੈਠੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਏਅਰ ਚੀਫ਼ ਮਾਰਸ਼ਲ (ਸੇਵਾਮੁਕਤ) ਬੀ ਐਸ ਧਨੋਆ, ਸਕੂਐਡਰਨ ਲੀਡਰ (ਸੇਵਾਮੁਕਤ) ਸਮੀਰ ਜੋਸ਼ੀ, ਰੱਖਿਆ ਮਾਹਿਰ ਪ੍ਰਵੀਨ ਸਾਹਨੀ ਅਤੇ ਕ੍ਰਿਸਟੀਨ ਫੇਅਰ ਨੇ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਰੱਖੇ।
ਇਸ ਦੇ ਨਾਲ ਹੀ ਬੀਤੇ ਦਿਨ ਬ੍ਰਿਟਿਸ਼ ਆਰਮੀ ਦੇ ਵਫਦ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦਾ ਨਿੱਜੀ ਦੌਰਾ ਕੀਤਾ। ਇਸ ਮੌਕੇ ਮਨਪ੍ਰੀਤ ਬਾਦਲ ਨੇ ਬ੍ਰਿਟਿਸ਼ ਆਰਮੀ ਦੇ ਵਫਦ ਨੂੰ ਪੁਰਾਤਨ ਫੌਜੀ ਵਾਹਨ ਅਤੇ ਕਿਤਾਬਾਂ ਦਿਖਾਈਆਂ, ਜਿਸ ਬਾਰੇ ਜਾਣ ਕੇ ਬ੍ਰਿਟਿਸ਼ ਆਰਮੀ ਵਫਦ ਬੇਹੱਦ ਖੁਸ਼ ਹੋਇਆ। ਇਸ ਮੌਕੇ ਉਹਨਾਂ ਵੱਲੋਂ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ ਗਈਆਂ।
ਮਨਪ੍ਰੀਤ ਬਾਦਲ ਨੇ ਇਸ ਮੌਕੇ ਦੀਆਂ ਤਸਵੀਰਾਂ ਅਪਣੇ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬ੍ਰਿਟਿਸ਼ ਆਰਮੀ ਵਫਦ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਯਾਦ ਕਰਨ ਲਈ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਸੀ। ਇਸ ਦੌਰਾਨ ਵਫਦ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸਾਰਾਗੜ੍ਹੀ ਦੇ ਸ਼ਹੀਦ ਸਿੰਘਾਂ ਸਬੰਧੀ ਦਿੱਤੀ ਗਈ ਲਾਸਾਨੀ ਸ਼ਹਾਦਤ ਬਾਰੇ ਵਿਚਾਰ ਚਰਚਾ ਕੀਤੀ ਸੀ।