25 ਦਸੰਬਰ ਨੂੰ ਹੋਵੇਗੀ ‘ਹੰਕਾਰ ਤੋੜ ਰੈਲੀ’, ਸਿੱਖਿਆ ਮੰਤਰੀ ਦੀ ਕੋਠੀ ਘੇਰਨਗੇ ਬੇਰੁਜ਼ਗਾਰ ਅਧਿਆਪਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੇ ਪ੍ਰੋਗਰਾਮ 'ਚ ਤਬਦੀਲੀ ਕੀਤੀ ਹੈ।

hunkar rally on 25 December in Punjab

ਸੰਗਰੂਰ: ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ 15 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੇ ਪ੍ਰੋਗਰਾਮ 'ਚ ਤਬਦੀਲੀ ਕਰਦਿਆਂ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਮੂਹਰੇ ਨਾਅਰੇਬਾਜ਼ੀ ਕਰਦਿਆਂ ਮੰਗ-ਪੱਤਰ ਸੌਂਪਣ ਦਾ ਐਲਾਨ ਕੀਤਾ।

ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ, ਐਸਡੀਐੱਮ ਸੰਗਰੂਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਵੱਖ-ਵੱਖ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਸਿਟੀ ਪਾਰਕ ਵਿਖੇ ਕੀਤੀ ਅਤੇ ਬਦਲਵੇਂ ਪ੍ਰੋਗਰਾਮ ਦਾ ਐਲਾਨ ਕੀਤਾ।

ਬੇਰੁਜ਼ਗਾਰ ਅਧਿਆਪਕਾਂ ਆਗੂਆਂ ਸੁਖਵਿੰਦਰ ਢਿੱਲਵਾਂ ਅਤੇ ਦੀਪਕ ਕੰਬੋਜ਼ ਨੇ ਕਿਹਾ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ 'ਚ ਮੰਗਾਂ ਦਾ ਹੱਲ ਨਾ ਨਿਕਲਣ 'ਤੇ 25 ਦਸੰਬਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਅੱਜ 15 ਦਸੰਬਰ ਨੂੰ ਕੈਬਨਿਟ ਮੰਤਰੀਆਂ ਗੁਰਪ੍ਰੀਤ ਕਾਂਗੜ ਨੂੰ ਸਲਾਬਤਪੁਰਾ-ਬਠਿੰਡਾ, ਮਨਪ੍ਰੀਤ ਬਾਦਲ-ਬਠਿੰਡਾ, ਬ੍ਰਹਮ ਮਹਿੰਦਰਾ-ਪਟਿਆਲਾ, ਰਾਣਾ ਗੁਰਮੀਤ ਸੋਢੀ-ਗੋਲੂ ਕਾ ਮੋੜ-ਫਿਰੋਜ਼ਪੁਰ, ਰਜ਼ੀਆ ਸੁਲਤਾਨਾ-ਮਲੇਰਕੋਟਲਾ-ਸੰਗਰੂਰ, ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਵਿਖੇ ਰੋਸ-ਪ੍ਰਦਰਸ਼ਨ ਕਰਕੇ ਮੰਗ-ਪੱਤਰ ਦਿੱਤੇ ਜਾਣਗੇ।

ਮੀਟਿੰਗ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਐਸ ਐਸ ਏ ਅਧਿਆਪਕ ਯੂਨੀਅਨ ਦੇ ਹਰਪ੍ਰੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਪ੍ਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌਂਦਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਮਨਦੀਪ ਨਮੋਲ, ਨੌਭਾਸ-ਪੰਜਾਬ ਦੇ ਪ੍ਰਗਟ ਕਾਲਾਝਾੜ,ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਆਗੂ ਹਰਜਿੰਦਰ ਝੁਨੀਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।