ਐਸ.ਆਈ.ਟੀ ਵਾਰ-ਵਾਰ ਕਿਉਂ ਮਾਰ ਰਹੀ ਹੈ ਡੇਰਾ ਸਿਰਸਾ ਦੇ ਗੇੜੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੂੰ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀਆਂ ਦਾ ਹਾਲੇ ਨਹੀਂ ਮਿਲਿਆ ਕੋਈ ਸੁਰਾਗ਼

File Photo

ਸਿਰਸਾ (ਸੁਰਿੰਦਰ ਪਾਲ ਸਿੰਘ) : ਮੌੜ ਮੰਡੀ ਬੰਬ ਬਲਾਸਟ ਮਾਮਲੇ ਵਿਚ ਫਿਰ ਇਕ ਵਾਰ ਪੰਜਾਬ ਦੀ ਐਸ.ਆਈ.ਟੀ ਡੇਰਾ ਸਿਰਸਾ ਪਹੁੰਚੀ। ਇਸ ਟੀਮ ਨੇ ਪਹਿਲਾਂ ਥਾਣਾ ਸਦਰ ਸਿਰਸਾ ਵਿਚ ਅਪਣੀ ਹਾਜ਼ਰੀ ਦਰਜ ਕਰਵਾਈ ਅਤੇ ਬਾਅਦ ਵਿਚ ਸਦਰ ਪੁਲਿਸ ਨਾਲ ਐਸਆਈਟੀ ਨੇ ਡੇਰੇ ਦੇ ਵਾਈਸ ਚੇਅਰਮੈਨ ਪੀ.ਆਰ ਨੈਨ ਨਾਲ ਮੁਲਾਕਾਤ ਕੀਤੀ ਅਤੇ ਪੀ.ਆਰ ਨੈਨ ਨੂੰ ਬਠਿੰਡਾ ਦੇ ਆਈ.ਜੀ ਸਾਹਮਣੇ ਜਾਂਚ ਲਈ ਪੇਸ਼ ਹੋਣ ਦਾ ਨੋਟਿਸ ਦਿਤਾ।

ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੀ ਟੀਮ 21 ਜਨਵਰੀ 2020 ਨੂੰ ਸਿਰਸਾ ਡੇਰੇ ਵਿਚ ਆਈ ਸੀ। ਉਦੋਂ ਵੀ ਟੀਮ ਨੇ ਪ੍ਰਬੰਧਕ ਕਮੇਟੀ ਨੂੰ ਨੋਟਿਸ ਦੇ ਕੇ ਬਠਿੰਡਾ ਵਿਖੇ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਸਮੇਂ ਡੇਰੇ ਵਲੋਂ ਕੇਵਲ ਵਕੀਲ ਹੀ ਪੇਸ਼ ਹੋਇਆ ਸੀ। ਟੀਮ ਨੇ ਉਸ ਸਮੇਂ ਵੀ ਡੇਰੇ ਦੀ ਵਰਕਸ਼ਾਪ ਨਾਲ ਸਬੰਧਤ ਸਾਰਾ ਰੀਕਾਰਡ ਡੇਰੇ ਕੋਲੋ ਮੰਗਿਆ ਸੀ।

ਧਿਆਨ ਰਹੇ ਕਿ ਜ਼ਿਲ੍ਹਾ ਬਠਿੰਡਾ ਦੀ ਮੌੜ ਮੰਡੀ ਵਿਚ ਹੋਏ ਬੰਬ ਧਮਾਕੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਡੇਰਾ ਸਿਰਸਾ ਦੇ ਤਿੰਨ ਸਮਰਥਕਾਂ ਨੂੰ ਮਾਮਲੇ ਸਬੰਧੀ ਲੋੜੀਂਦੇ ਮੁਰਜ਼ਮ ਘੋਸ਼ਿਤ ਕੀਤਾ ਹੋਇਆ ਹੈ। ਇਨ੍ਹਾਂ ਭਗੌੜੇ ਦੋਸ਼ੀਆਂ ਵਿਚ ਡੇਰਾ ਸਿਰਸਾ ਵਰਕਸ਼ਾਪ ਦਾ ਇੰਚਾਰਜ ਗੁਰਤੇਜ ਸਿੰਘ ਨਿਵਾਸੀ ਅਲੀਕਾ ਜ਼ਿਲ੍ਹਾ ਸਿਰਸਾ, ਅਮਰੀਕ ਸਿੰਘ ਨਿਵਾਸੀ ਬਾਦਲਗੜ ਜ਼ਿਲ੍ਹਾ ਸੰਗਰੂਰ ਹਾਲ ਆਬਾਦ ਨਿਵਾਸੀ ਡੇਰਾ ਸਿਰਸਾ ਅਤੇ ਅਵਤਾਰ ਸਿੰਘ ਨਿਵਾਸੀ ਭੈਂਤੀ ਬਿਰਤਾਂਤ ਜ਼ਿਲ੍ਹਾ ਕੁਰੂਕਸ਼ੇਤਰ ਹਾਲ ਅਬਾਦ ਨਿਵਾਸੀ ਡੇਰਾ ਸਿਰਸਾ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ 31 ਜਨਵਰੀ 2017 ਨੂੰ ਤਲਵੰਡੀ ਸਾਬੋ ਹਲਕੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਡੇਰਾ ਪ੍ਰਮੁੱਖ ਦੇ ਕੁੜਮ ਹਰਮੰਦਰ ਸਿੰਘ ਜੱਸੀ ਦੀ ਮੌੜ ਮੰਡੀ ਵਿਚ ਹੋਈ ਚੋਣ ਰੈਲੀ ਵਿਚ ਬੰਬ ਧਮਾਕਾ ਕੀਤਾ ਗਿਆ ਸੀ। ਇਸ ਬਲਾਸਟ ਵਿਚ ਪੰਜ ਮਾਸੂਮ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ।

ਪੰਜਾਬ ਸਰਕਾਰ ਨੇ ਇਸ ਦੇ ਲਈ ਐਸ.ਆਈ.ਟੀ ਦਾ ਗਠਨ ਕੀਤਾ ਹੋਇਆ ਹੈ। ਇਸ ਬੰਬ ਧਮਾਕੇ ਵਿਚ ਪੰਜਾਬ ਪੁਲਿਸ ਵਲੋਂ ਤਿੰਨ ਡੇਰਾ ਪੈਰੋਕਾਰਾਂ ਦਾ ਸ਼ਾਮਲ ਹੋਣਾ ਪਾਇਆ ਗਿਆ ਸੀ। ਇਸ ਬੰਬ ਧਮਾਕੇ ਵਿਚ ਜੋ ਕਾਰ ਵਰਤੀ ਗਈ ਸੀ ਉਹ ਡੇਰਾ ਸਿਰਸਾ ਦੀ ਵਰਕਸ਼ਾਪ ਵਿਚ ਤਿਆਰ ਕੀਤੀ ਗਈ ਸੀ। ਉਸ ਸਮੇਂ ਅਵਤਾਰ ਸਿੰਘ ਇਲੈਕਟ੍ਰੀਸ਼ਿਅਨ ਸੀ ਜਿਸ ਨੇ ਕਾਰ ਵਿਚ ਬੈਟਰੀਆਂ ਨੂੰ ਫਿਟ ਕੀਤਾ ਸੀ ਤੇ ਉਹ ਬੈਟਰੀਆਂ ਵੀ ਸਿਰਸਾ ਤੋਂ ਹੀ ਖ਼ਰੀਦੀਆਂ ਗਈਆਂ ਸਨ।

ਉਸ ਸਮੇਂ ਇਸ ਪੂਰੇ ਮਾਮਲੇ ਦੀ ਸੂਈ ਡੇਰਾ ਸਿਰਸਾ ਵਲ ਬੜੇ ਜ਼ੋਰ ਨਾਲ ਘੁੰਮੀ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਮਾਮਲੇ ਦੀ ਪੜਤਾਲ ਵਿਚ ਪੰਜਾਬ ਦੀ ਐਸ.ਆਈ.ਟੀ ਸਿਰਸਾ ਦੇ ਵਾਰ-ਵਾਰ ਚੱਕਰ ਲਾ ਰਹੀ ਹੈ ਪਰ ਹਾਲੇ ਤਕ ਪੁਲਿਸ ਰੀਕਾਰਡ ਖੰਗਾਲਣ ਤੋਂ ਬਿਨਾਂ ਕੁੱਝ ਨਹੀਂ ਕਰ ਸਕੀ ਅਤੇ ਪੁਲਿਸ ਦੇ ਹੱਥ ਖ਼ਾਲੀ ਹਨ।