ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ’ਤੇ ਬਣੇਗੀ ਫਿਲਮ, ਘਰ ਪੁੱਜੇ ਫਿਲਮ ਨਿਰਮਾਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਲਮ ਨਿਰਮਾਤਾ ਨੇ ਪਰਿਵਾਰ ਨਾਲ ਐਗਰੀਮੈਂਟ ਕੀਤਾ ਸਾਈਨ

Movie on Gurtej Singh

ਮਾਨਸਾ(ਸੁਮਿਤ ਸੇਠੀ): ਗਲਵਾਨ ਘਾਟੀ ਦੇ ਮਹਾਨ ਸ਼ਹੀਦ ਅਤੇ ਵੀਰ ਚੱਕਰ ਵਿਜੇਤਾ ਸ਼ਹੀਦ ਗੁਰਤੇਜ ਸਿੰਘ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਦਿਖਾਇਆ ਜਾਵੇਗਾ। ਇਸ ਸਬੰਧੀ ਗੁਰਤੇਜ ਸਿੰਘ ਦੇ ਪਰਿਵਾਰ ਅਤੇ ਮੁੰਬਈ ਤੋਂ ਆਏ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਵਿਚਕਾਰ, ਮਹਾਨ ਸ਼ਹੀਦ ਦੀ ਸ਼ਹਾਦਤ ‘ਤੇ ਫਿਲਮ ਬਣਾਉਣ ਲਈ ਸਮਝੌਤਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਇਸ ਸਮਝੌਤੇ ਦੌਰਾਨ ਸ਼ਹੀਦ ਦੇ ਪਰਿਵਾਰ ਵਿਚੋਂ ਵਿਰਸਾ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ, ਭਰਾ ਗੁਰਪ੍ਰੀਤ ਸਿੰਘ ਅਤੇ ਤਿਰਲੋਕ ਸਿੰਘ ਤੋਂ ਇਲਾਵਾ ਬੁਢਲਾਡਾ ਦੇ ਵਕੀਲ ਉਮਿੰਦਰ ਸਿੰਘ ਚਹਿਲ ਅਤੇ ਫਿਲਮ ਨਿਰਮਾਤਾ ਮੌਜੂਦ ਸਨ। ਇਸ ਫਿਲਮ ਕਿਸ ਨਿਰਮਾਤਾ ਵੱਲੋਂ ਅਤੇ ਕਿਸ ਕੰਪਨੀ ਦੇ ਬੈਨਰ ਹੇਠ ਬਣੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਇਸ ਫਿਲਮ ਵਿਚ ਗੁਰਤੇਜ ਸਿੰਘ ਦਾ ਕਿਰਦਾਰ ਕਿਹੜੇ ਬਾਲੀਵੁੱਡ ਅਦਾਕਾਰ ਵੱਲੋਂ ਨਿਭਾਇਆ ਜਾਵੇਗਾ।

ਜਦੋਂ ਇਸ ਫਿਲਮ ਸਬੰਧੀ ਵਕੀਲ ਉਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਇਕ ਹਫ਼ਤੇ ਤਕ ਪ੍ਰੈੱਸ ਕਾਨਫਰੰਸ ਰਾਹੀਂ ਸਾਰੀ ਜਾਣਕਾਰੀ ਮੀਡੀਆ ਨੂੰ ਦੇਣਗੇ।

ਦੱਸ ਦਈਏ ਕਿ ਗੁਰਤੇਜ ਸਿੰਘ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਰਹਿਣ ਵਾਲਾ ਸੀ। ਗੁਰਤੇਜ ਸਿੰਘ ਨੇ ਗਲਵਾਨ ਘਾਟੀ ’ਚ ਚੀਨੀ ਫ਼ੌਜ ਨਾਲ ਲੜਦਿਆਂ ਸ਼ਹੀਦੀ ਦਿੱਤੀ ਸੀ। ਇਸ ਤੋਂ ਪਹਿਲਾਂ ਗੁਰਤੇਜ ਨੇ ਕਈ ਚੀਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਦੇਸ਼ ਲਈ ਸ਼ਹਾਦਤ ਦੇਣ ਮਗਰੋਂ ਗੁਰਤੇਜ ਸਿੰਘ ਨੂੰ ਵੀਰ ਚੱਕਰ ਮਿਲਿਆ ਸੀ।