ਹੱਥ ‘ਚ ਗਦਰੀ ਬਾਬਿਆਂ ਦੀ ਫੋਟੋ ਲੈ ਕੇ ਪੈਦਲ ਜਲੰਧਰ ਤੋਂ ਸਿੰਘੂ ਬਾਰਡਰ ਪਹੁੰਚਿਆ ਕਿਸਾਨ ਗੁਰਤੇਜ ਸਿੰਘ
ਗਦਰੀ ਬਾਬਾ ਸੰਤਾ ਸਿੰਘ ਦਾ ਪੋਤਾ ਹੈ ਗੁਰਤੇਜ ਸਿੰਘ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਚਾਰ ਦਿਨ ਦੀ ਪੈਦਲ ਯਾਤਰਾ ਕਰਨ ਵਾਲਾ ਸਧਾਰਣ ਕਿਸਾਨ ਗੁਰਤੇਜ ਸਿੰਘ ਸੋਮਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪਹੁੰਚਿਆ। ਗੁਰਤੇਜ ਸਿੰਘ ਨੇ ਜਲੰਧਰ ਦੇ ਮਹਿਤਪੁਰ ਤੋਂ ਸਫ਼ਰ ਸ਼ੁਰੂ ਕੀਤਾ ਸੀ। ਦੱਸ ਦਈਏ ਕਿ ਗੁਰਤੇਜ ਸਿੰਘ, ਗ਼ਦਰੀ ਬਾਬਾ ਸੰਤਾ ਸਿੰਘ ਦਾ ਪੋਤਾ ਹੈ।
ਬਾਬਾ ਸੰਤਾ ਸਿੰਘ ਪੰਜ ਗ਼ਦਰੀ ਇਨਕਲਾਬੀਆਂ ਵਿਚੋਂ ਇਕ ਸਨ, ਜਿਨ੍ਹਾਂ ਨੂੰ 1938 ਵਿਚ ਕਿਸਾਨ ਮੋਰਚੇ ਦੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਜੰਜੀਰਾਂ ਨਾਲ ਬੰਨਿਆ ਗਿਆ ਸੀ। ਗੁਰਤੇਜ ਨੇ ਕਿਹਾ ਕਿ ਉਹ ਅਪਣੇ ਦਾਦਾ ਜੀ ਦੇ ਭਰਾ ਗ਼ਦਰੀ ਸੰਤਾ ਸਿੰਘ ਦੀਆਂ ਮਹਾਨ ਕਹਾਣੀਆਂ ਸਣਦਿਆਂ ਹੀ ਵੱਡਾ ਹੋਇਆ ਹੈ।
ਗੁਰਤੇਜ ਸਿੰਘ ਨੇ ਪੰਜਾਬ ਵਿਚ ਵੀ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਇਆ ਸੀ। ਗੁਰਤੇਜ ਨੇ ਦੱਸਿਆ ਕਿ ਉਸ ਨੇ 300 ਕਿਲੋਮੀਟਰ ਸਫਰ ਤੈਅ ਕੀਤਾ, ਜਿਸ ਵਿਚ ਉਹ ਦਿਨ ਵੇਲੇ 70 ਕਿਲੋਮੀਟਰ ਚਲਦੇ ਸੀ ਤੇ ਰਾਤ ਨੂੰ ਢਾਬਿਆਂ ‘ਤੇ ਸੌਂਦੇ ਸੀ।
ਉਹਨਾਂ ਕਿਹਾ ਕਿ ਰਾਸਤੇ ਵਿਚ ਉਹਨਾਂ ਨੂੰ ਕਈ ਅਜਿਹੇ ਲੋਕ ਮਿਲੇ ਜਿਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੇ ਕਿਸਾਨੀ ਸੰਘਰਸ਼ ਨਾਲ ਸਹਿਮਤੀ ਪ੍ਰਗਟਾਈ। ਗੁਰਤੇਜ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਿਸਾਨ ਅਜੇ ਵੀ ਉਹਨਾਂ ਅਧਿਕਾਰਾਂ ਲਈ ਲੜ ਰਹੇ ਹਨ, ਜਿਸ ਲਈ ਸਾਡੇ ਬਜ਼ੁਰਗ 1938 ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਰਹੇ।.