ਕੋਰੋਨਾ ਦਾ ਖੌਫ- ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਘਰਾਂ ਤੋਂ ਚੁੱਕ ਕੇ ਲਿਜਾ ਰਹੀ ਹੈ ਪੰਜਾਬ ਪੁਲਿਸ
ਕੋਰੋਨਾ ਦੇ ਕਹਿਰ ਨੇ ਦੁਨੀਆ ਭਰ ਵਿਚ ਸੰਕਟ ਪੈਦਾ ਕਰ ਦਿੱਤਾ ਹੈ।
ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੇ ਦੁਨੀਆ ਭਰ ਵਿਚ ਸੰਕਟ ਪੈਦਾ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਲੋਕ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ। ਇਸ ਤੋਂ ਇਲਾਵਾ ਪੂਰੇ ਦੇਸ਼ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਸਿਨੇਮਾ ਹਾਲ, ਥਿਏਟਰ, ਖੇਡ ਦੇ ਮੈਦਾਨ ਹੌਲੀ-ਹੌਲੀ ਬੰਦ ਹੋ ਰਹੇ ਹਨ।
ਇਸ ਦੇ ਖੌਫ ਤੋਂ ਬਾਅਦ ਲਗਾਤਾਰ ਵਿਦੇਸ਼ਾਂ ਤੋਂ ਭਾਰਤ ਪਰਤ ਰਹੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਵਿਚ ਹਾਲੇ ਸਿਰਫ਼ ਇਕ ਮਰੀਜ਼ ਦੀ ਰਿਪੋਰਟ ਹੀ ਪਾਜ਼ੀਟਿਵ ਆਈ ਹੈ ਪਰ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਹਨਾਂ ਲਈ ਸਿਹਤ ਵਿਭਾਗ ਵੱਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਹਨ, ਭਾਵੇਂ ਉਹ ਹਵਾਈ ਅੱਡੇ ‘ਤੇ ਹੋਵੇ ਜਾਂ ਹਸਪਤਾਲਾਂ ਵਿਚ।
ਇਸ ਗੰਭੀਰ ਮਾਹੌਲ ਵਿਚ ਪੰਜਾਬ ਅੰਦਰ ਕਈ ਸ਼ੱਕੀ ਕੋਰੋਨਾ ਵਾਇਰਸ ਦੇ ਮਰੀਜ਼ ਲਾਪਤਾ ਹਨ। ਇਹਨਾਂ ਖ਼ਬਰਾਂ ਦਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਖੰਡਨ ਕੀਤਾ ਹੈ। ਇਸ ਤੋਂ ਇਲਾਵਾ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਲਾਪਤਾ ਹਨ ਅਤੇ ਅਪਣੇ ਘਰਾਂ ਵਿਚ ਲੁਕ ਕੇ ਬੈਠੇ ਹਨ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ਪੁਲਿਸ ਦੇ 2 ਕਰਮਚਾਰੀ ਇਕ ਘਰ ਵਿਚ ਮਾਸਕ ਪਾ ਕੇ ਦਾਖਲ ਹੋ ਰਹੇ ਹਨ ਅਤੇ ਬੈੱਡ ‘ਤੇ ਪਏ ਇਕ ਨੌਜਵਾਨ ਨੂੰ ਉਠਾਉਂਦੇ ਹਨ, ਜਿਸ ਨੇ ਮਾਸਕ ਪਹਿਨਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜ਼ਿਲ੍ਹਾ ਲੁਧਿਆਣਾ ਦੀ ਹੈ। ਦੱਸ ਦਈਏ ਕਿ ਚੀਨ, ਇਟਲੀ, ਕੋਰੀਆ, ਫਰਾਂਸ਼, ਸਪੇਨ ਅਤੇ ਜਰਮਨੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਖਰੇ-ਖਰੇ ਵਾਰਡਾਂ ਵਿਚ ਨਿਗਰਾਨੀ ਹੇਠ ਰੱਖਣ ਲਈ ਅੰਮ੍ਰਿਤਸਰ ਅਤੇ ਮੋਹਾਲੀ ਹਸਪਤਾਲਾਂ ਵਿਚ 500 ਬੈਜਾਂ ਦਾ ਪ੍ਰਬੰਧ ਕੀਤਾ ਗਿਆ ਹੈ।