ਕੋਰੋਨਾ ਦੀ ਦਹਿਸ਼ਤ ਕਾਰਨ ਵਿਆਹਾਂ ਦੀਆਂ ਤਰੀਕਾਂ ਵੀ ਅੱਗੇ ਪੈਣ ਲਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਇਰਸ ਤੋਂ ਪੀੜਤਾਂ ਦੀ ਗਿਣਤੀ ਅੱਜ ਦੁਪਹਿਰ ਨੂੰ 107 ਤਕ ਪੁੱਜ ਗਈ ਹੈ

File

ਚੰਡੀਗੜ੍ਹ- ਕੋਰੋਨਾ ਵਾਇਰਸ ਕਾਰਨ ਹੁਣ ਵਿਆਹਾਂ ਦੀਆਂ ਤਰੀਕਾਂ ਅੱਗੇ ਪੈਣ ਲੱਗ ਪਈਆਂ ਹਨ ਤੇ ਪਹਿਲਾਂ ਤੋਂ ਹੋਈਆਂ ਜੰਝ-ਘਰਾਂ (ਮੈਰਿਜ ਪੈਲੇਸਜ਼) ਦੀਆਂ ਬੁਕਿੰਗਜ਼ ਵੀ ਰੱਦ ਹੋਣ ਲੱਗ ਪਈਆਂ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਅੱਜ ਦੁਪਹਿਰ ਨੂੰ 107 ਤਕ ਪੁੱਜ ਗਈ ਹੈ। ਹਾਲੇ ਹਸਪਤਾਲਾਂ 'ਚ ਸ਼ੱਕੀ ਮਰੀਜ਼ਾਂ ਦੀ ਗਿਣਤੀ ਕਈ ਸੈਂਕੜਿਆਂ 'ਚ ਹੈ।

ਵਿਆਹ ਨੂੰ ਜ਼ਿੰਦਗੀ ਦਾ ਅਹਿਮ ਪਹਿਲੂ ਮੰਨਿਆ ਜਾਂਦਾ ਹੈ ਪਰ ਲੋਕ ਸਮਝਣ ਲੱਗ ਪਏ ਹਨ ਕਿ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ ਭਾਵ ਜਾਨ ਹੈ ਤਾਂ ਜਹਾਨ ਹੈ ਇਸ ਲਈ ਹਾਲ ਦੀ ਘੜੀ ਉਹ ਵਿਆਹਾਂ ਦੀਆਂ ਤਾਰੀਕਾਂ ਨੂੰ ਟਾਲਣ 'ਚ ਹੀ ਭਲਾਈ ਸਮਝਣ ਲੱਗ ਪਏ ਹਨ। ਮੈਰਿਜ ਪੈਲਸਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਹੁਣ ਲੋਕ ਅਪਣੀਆਂ ਬੁਕਿੰਗਜ਼ ਅਪ੍ਰੈਲ ਮਹੀਨੇ ਤਕ ਲਈ ਮੁਲਤਵੀ ਕਰ ਰਹੇ ਹਨ।

ਇਸੇ ਹਫ਼ਤੇ ਕਈ ਬੁਕਿੰਗਾਂ ਰੱਦ ਕੀਤੀਆਂ ਗਈਆਂ ਹਨ। ਇਸ ਪਿਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਵਿਆਹਾਂ ਵਰਗੇ ਸਮਾਗਮਾਂ 'ਚ ਇਕੱਠ ਕਾਫ਼ੀ ਜ਼ਿਆਦਾ ਹੁੰਦਾ ਹੈ ਤੇ ਖ਼ੁਸ਼ੀ ਦੇ ਮੌਕੇ ਯਾਦ ਵੀ ਨਹੀਂ ਰਹਿੰਦਾ ਕਿ ਇਕ-ਦੂਜੇ ਨੂੰ ਕਿਵੇਂ ਮਿਲਿਆ ਜਾਵੇ। ਦੂਜਾ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਮਹਿਮਾਨ ਦੂਰੋਂ ਦੂਰੋਂ ਆਉਂਦੇ ਹਨ। ਇਸ ਲਈ ਲੋਕ ਅਪਣੇ ਅਤੇ ਮਹਿਮਾਨਾਂ ਲਈ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ ਹਨ।

ਪੈਲਸਾਂ ਦੇ ਮਾਲਕਾਂ ਨੇ ਦਸਿਆ ਕਿ  ਵਿਆਹਾਂ 'ਚ ਬਹੁਤ ਸਾਰੇ ਮਹਿਮਾਨ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਹੁੰਦੇ ਹਨ ਪਰ ਹੁਣ ਉਹ ਕੋਰੋਨਾ ਵਾਇਰਸ ਦੀ ਛੂਤ ਫੈਲੀ ਹੋਣ ਕਾਰਨ ਆ ਨਹੀਂ ਸਕਦੇ। ਭਾਰਤ ਸਮੇਤ ਬਹੁਤੇ ਦੇਸ਼ਾਂ ਨੇ ਆਪੋ-ਅਪਣੀਆਂ ਏਅਰਲਾਈਨਜ਼ ਦੀਆਂ ਉਡਾਣਾਂ ਉਤੇ ਪਾਬੰਦੀਆਂ ਲਾ ਦਿਤੀਆਂ ਹਨ। ਵਿਦੇਸ਼ ਤੋਂ ਪਰਤਣ ਵਾਲੇ ਭਾਰਤੀਆਂ ਨੂੰ ਵੀ 14 ਦਿਨਾਂ ਲਈ ਵਖਰੇ ਵਾਰਡ 'ਚ ਰਹਿਣਾ ਪੈਂਦਾ ਹੈ।  

ਮੁਕਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਨੇ ਦੁਨੀਆਂ ਦੀ ਚਾਲ 'ਤੇ ਬਰੇਕ ਲਾ ਦਿਤੀ ਹੈ। ਪਹਿਲਾਂ-ਪਹਿਲਾਂ ਇਸ ਦਾ ਅਸਰ ਅਰਥ ਵਿਵਸਥਾ 'ਤੇ ਹੀ ਦੇਖਿਆ ਗਿਆ ਪਰ ਜਿਵੇਂ ਜਿਵੇਂ ਪ੍ਰਕੋਪ ਵਧ ਰਿਹਾ ਹੈ ਇਸ ਦਾ ਅਸਰ ਸਮਾਜਕ ਜੀਵਨ 'ਤੇ ਵੀ ਪੈਣ ਲੱਗ ਪਿਆ ਹੈ। ਅਗਰ ਕੁੱਝ ਸਮਾਂ ਇਸ 'ਤੇ ਕੰਟਰੌਲ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਐਂਮਰਜੈਂਸੀ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।