ਇਸ ਤਰੀਕ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ 'ਚ ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ
ਪੰਜਾਬ ਦੇ ਵਿਚ ਪੰਜਾਬ ਦੀ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਾਲ 2022...
ਚੰਡੀਗੜ੍ਹ: ਪੰਜਾਬ ਦੇ ਵਿਚ ਪੰਜਾਬ ਦੀ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਹਰ ਇੱਕ ਪਾਰਟੀ ਲੋਕਾਂ ਤੱਕ ਆਪਣੀ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿਚ ਵੱਡੀ ਕਿਸਾਨ ਰੈਲੀ ਕਰਨ ਜਾ ਰਹੀ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ।
ਆਪ ਵੱਲੋਂ ਕੀਤੀ ਜਾ ਰਹੀ ਕਿਸਾਨ ਰੈਲੀ ਨੂੰ ਲੈ ਕੇ ਜਰਨੈਲ ਸਿੰਘ ਨੇ ਕਿਹਾ ਕਿ ਰੈਲੀ ਵਿਚ ਜੇ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਆਵਾਜ ਬੁਲੰਦ ਕਰਦੇ ਹਨ ਤੇ ਕੇਂਦਰ ਸਰਕਾਰ ਉਤੇ ਦਬਾਅ ਬਣਦਾ ਹੈ ਤਾਂ ਕਿਸਾਨਾਂ ਦਾ ਇਸ ਰੈਲੀ ਨੂੰ ਲੈ ਕੇ ਬਹੁਤ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਰੈਲੀ ਦਾ ਟਿੱਚਾ ਹੈ ਕਿ ਕੇਂਦਰ ਸਰਕਾਰ ਆਪਣੀ ਆਕੜ ਨਹੀਂ ਛੱਡ ਰਹੀ ਤੇ ਕਿਸਾਨਾਂ ਦੇ ਕਈਂ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਵੀ ਭਾਜਪਾ ਸਰਕਾਰ ਉਥੇ ਦੀ ਉਥੇ ਹੀ ਅੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਵੱਲੋਂ ਕਿਹਾ ਗਿਆ ਕਿ ਕਿਸਾਨ ਆਗੂ ਤਾਂ ਪੱਥਰਾਂ ਨਾਲ ਸਿਰ ਮਾਰ ਰਹੇ ਹਨ, ਪਰ ਖੇਤੀ ਆਪਣੇ ਆਪ ਨੂੰ ਪੱਥਰ ਦੱਸ ਰਹੇ ਹਨ ਕਿਉਂਕਿ ਇੰਨੇ ਸਮੇਂ ਤੋਂ ਇਨ੍ਹਾਂ ਦੇ ਕੰਨ ਉਤੇ ਜੂੰਅ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ 21 ਮਾਰਚ 2021 ਨੂੰ ਜਿਹੜਾ ਇਕੱਠ ਬਾਗਾਪੁਰਾਣਾ ਵਿਚ ਹੋਵੇਗਾ ਉਹ ਬਹੁਤ ਵੱਡਾ ਇਕੱਠ ਹੋਵੇਗਾ ਅਤੇ ਕੇਂਦਰ ਸਰਕਾਰ ਇਹ ਸੋਚਣ ਤੇ ਮਜਬੂਰ ਹੋ ਜਾਵੇਗਾ ਕਿ ਸਾਡਾ ਲਿਆ ਹੋਇਆ ਸਟੈਂਡ ਸਾਨੂੰ ਵਾਪਸ ਲੈਣਾ ਪਵੇਗਾ ਕਿਉਂਕਿ ਦੇਸ਼ ਦੇ ਕਿਸਾਨਾਂ ਵੱਲੋਂ ਪਿੱਛੇ ਹਟਣਾ ਮੁਸ਼ਕਿਲ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਐਲਾਣਨ ਤੋਂ ਪਹਿਲਾਂ ਅਸੀਂ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੇ ਹਾਂ ਫਿਰ ਇਸਤੋਂ ਬਾਅਦ ਉਮੀਦਵਾਰਾਂ ਬਾਰੇ ਸੋਚਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਤੋਂ ਪੂਰਾ ਦੇਸ਼ ਜਾਣੂ ਹੈ ਕਿ ਦਿੱਲੀ ਦੀਆਂ ਬਰੂਹਾਂ ਉਤੇ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਤਾਂ ਆਮ ਆਦਮੀ ਪਾਰਟੀ ਉਦੋਂ ਤੋਂ ਹੀ ਆਪਣੀ ਸੇਵਾ ਨਿਭਾ ਰਹੀ ਹੈ। ਜਰਨੈਲ ਸਿੰਘ ਨੇ ਕਿਹਾ ਕਿ ਅਸੀਂ 21 ਮਾਰਚ ਵਾਲੀ ਕਿਸਾਨ ਰੈਲੀ ਤੋਂ ਬਾਅਦ ਆਪ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਵੀ ਕਰਾਂਗੇ, ਮੈਨੀਫੈਸਟੋ ਵੀ ਐਲਾਨੇਗੇ, ਅਤੇ ਲੋਕਾਂ ਨੂੰ ਦਿੱਲੀ ਵਰਗੀ ਸਰਕਾਰ ਵੀ ਦੇਵਾਂਗੇ।