ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਮੌਜੂਦਾ ਕਾਂਗਰਸੀ ਸਰਪੰਚ ‘ਤੇ ਮਾਮਲਾ ਦਰਜ
ਜਲਾਲਾਬਾਦ ਪੰਜਾਬ ਦੀ ਸਰਕਾਰ ਵੱਲੋਂ ਰੇਤ ਦੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ...
ਜਲਾਲਾਬਾਦ: ਜਲਾਲਾਬਾਦ ਪੰਜਾਬ ਦੀ ਸਰਕਾਰ ਵੱਲੋਂ ਰੇਤ ਦੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਦੂਜੇ ਪਾਸੇ ਮਾਨਯੋਗ ਹਾਈਕੋਰਟ ਅਤੇ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਿੰਡ ਟਿਵਾਣਾ ਕਲਾਂ ਦੀ ਪੰਚਾਇਤ ਛੱਪੜ ਦੀ ਖ਼ੁਦਾਈ ਕਰਨ ਦੇ ਨਾਮ ’ਤੇ ਹਰ ਰੋਜ਼ ਦਿਨ ਤੇ ਰਾਤ ਨੂੰ ਪੋਪ ਲਾਈਨ ਰਾਹੀ ਗੈਰ ਕਾਨੂੰਨੀ ਮਾਈਨਿੰਗ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੀ ਹੈ।
ਉੱਥੇ ਹੀ ਪੰਚਾਇਤੀ ਜ਼ਮੀਨ ਦਾ ਵੱਡੇ ਪੱਧਰ ’ਤੇ ਨੁਕਸਾਨ ਵੀ ਹੋ ਰਿਹਾ ਹੈ। ਜਿਕਰਯੋਗ ਗੱਲ ਇਹ ਹੈ ਕਿ ਛੱਪੜ ਦੇ ਨਾਲ ਹੀ ਕੁਝ ਦੂਰੀ ’ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ ਜੇਕਰ ਇਸ ਤਰ੍ਹਾਂ ਹੀ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ’ਚ ਕੀਤੇ ਨਾ ਕੀਤੇ ਇਹ ਖੱਡ ਵਿਦਿਆਰਥੀਆਂ ਲਈ ਵੱਡਾ ਹਾਦਸਾ ਹੋਣ ਦਾ ਕਾਰਨ ਵੀ ਬਣ ਸਕਦੀ ਹੈ।
ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾ ’ਤੇ ਇੰਡਸਟਰੀ ਮਾਈਨਿੰਗ ਵਿਭਾਗ ਪੰਜਾਬ ਚੰਡੀਗੜ ਬਲਜੀਤ ਸਿੰਘ ਭੁੱਲਰ ਐਸ.ਪੀ ਨੇ ਸਮੇਤ ਪੁਲਸ ਪਾਰਟੀ ਦੇ ਨਾਲ ਉਪਰੋਕਤ ਛੱਪੜ ਵਿਖੇ ਪੁੱਜ ਕੇ ਕਾਰਵਾਈ ਕਰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਮਲਕੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਇੰਡਸਟਰੀ ਮਾਈਨਿੰਗ ਵਿਭਾਗ ਪੰਜਾਬ ਬਲਜੀਤ ਸਿੰਘ ਭੁੱਲਰ ਐਸ.ਪੀ ਦੇ ਨਿਰਦੇਸ਼ਾਂ ’ਤੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਊਰਫ ਬਿੱਟੂ ਪੁੱਤਰ ਦੇਸਾ ਸਿੰਘ ਵਾਸੀ ਟਿਵਾਣਾ ਕਲਾਂ ਦੇ ਖ਼ਿਲਾਫ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 62 ਅਧੀਨ ਧਾਰਾ 379,420 ਮਾਈਨਿੰਗ ਐਕਟ 21(1)4(1) ਦੇ ਤਹਿਤ ਮਾਮਲਾ ਦਰਜ ਕਰ ਕੇ ਉਕਤ ਦੋਸ਼ੀ ਦੀ ਗ੍ਰਿਫਤਾਰੀ ਲਈ ਪੁਲਸ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।