ਸੈਲਫ ਸਮਾਰਟ ਸਕੂਲਾਂ ਵਿੱਚ ਬਾਲਾ ਦਾ ਕੰਮ ਕਾਬਿਲ-ਏ-ਤਾਰੀਫ਼ : ਸਿੱਖਿਆ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਸਤੀ ਬਾਜ਼ੀਗਰ ਜੀਰਕਪੁਰ ਤੇ ਸਿਆਊ ਸਕੂਲਾਂ 'ਚ ਫੇਸਬੁੱਕ 'ਤੇ ਲਾਇਵ ਹੋ ਕੇ ਅਧਿਆਪਕਾਂ ਦਾ ਉਤਸ਼ਾਹ ਵਧਾਇਆ...

School Teachers

ਐੱਸ.ਏ.ਐੱਸ. ਨਗਰ : ਸਰਕਾਰੀ ਸਕੂਲਾਂ ਨੂੰ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਮਿਸਾਲ ਪੈਦਾ ਕਰ ਦਿੱਤੀ ਹੈ| ਸਕੂਲਾਂ ਵਿੱਚ ਸੁੰਦਰ ਤੇ ਰੰਗਦਾਰ ਸਿੱਖਣ-ਸਿਖਾਉਣ ਸਬੰਧੀ ਬਣਾਈਆਂ ਗਈਆਂ ਤਸਵੀਰਾਂ ਨਾਲ ਇਮਾਰਤਾਂ ਦਾ ਨਵੀਨੀਕਰਨ ਹੋਇਆ ਹੈ| ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੈਲਫ ਮੇਡ ਸਮਾਰਟ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਕੀਤੇ ਨੇਕ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ ਹੈ|

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਮਿਡਲ ਸਕੂਲ ਸਿਆਊ, ਸਰਕਾਰੀ ਪ੍ਰਾਇਮਰੀ ਸਕੂਲ ਸਿਆਊ ਤੇ ਬਾਜ਼ੀਗਰ ਬਸਤੀ ਦਾ ਸਵੇਰ ਦੀ ਸਭਾ ਸਮੇਂ ਜਾਇਜ਼ਾ ਲਿਆ| ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਬਾਜ਼ੀਗਰ ਜ਼ੀਰਕਪੁਰ ਬਲਾਕ ਡੇਰਾਬੱਸੀ-1 ਵਿੱਚ ਸਵੇਰ ਦੀ ਸਭਾ ਵਿੱਚ ਪੁੱਜ ਕੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਰੋਜ਼ਾਨਾ ਸਲਾਈਡ ਅਨੁਸਾਰ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦਾ ਮੁਆਇਨਾ ਕੀਤਾ। ਇਸ ਉਪਰੰਤ ਸਰਕਾਰੀ ਮਿਡਲ ਸਕੂਲ ਸਿਆਊ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਿਆਉ ਵਿਖੇ ਵੀ ਗਏ| ਇਸ ਦੇ ਨਾਲ ਹੀ ਸਕੂਲਾਂ ਵਿੱਚ ਪਹੁੰਚੇ ਡਿਊਲ ਡੈਸਕਾਂ ਅਤੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ।

ਸਕੱਤਰ ਸਕੂਲ ਸਿੱਖਿਆ ਨੇ ਪ੍ਰੀ-ਪ੍ਰਾਇਰਮੀ ਜਮਾਤਾਂ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨਾਲ ਜਾਣ-ਪਛਾਣ ਵੀ ਕੀਤੀ| ਉਹਨਾਂ ਅਧਿਆਪਕਾਂ ਪਾਸੋਂ ਨਵੇਂ ਦਾਖਲਿਆਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਦਾਖ਼ਲਾ ਮੁਹਿੰਮ ਤਹਿਤ ਹੋਰ ਨਵੇਂ ਦਾਖ਼ਲੇ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ| ਸਕੂਲ ਨਿਰੀਖਣ ਦੌਰਾਨ ਸਕੱਤਰ ਸਕੂਲ ਸਿੱਖਿਆ ਨੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਤਿਆਰ ਕੀਤੀ ਬਾਲ ਮੈਗਜ਼ੀਨਾਂ ਅਤੇ ਸਿੱਖਣ ਸਿਖਾਉਣ ਸਮੱਗਰੀ ਦੀ ਵੀ ਸਰਾਹਨਾ ਕੀਤੀ| ਉਹਨਾਂ ਕਿਹਾ ਕਿ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀ ਬਹੁਤ ਹੀ ਵਧੀਆ ਅਤੇ ਆਤਮ-ਵਿਸ਼ਵਾਸ਼ ਨਾਲ ਪੰਜਾਬੀ ਅਤੇ ਅੰਗਰੇਜ਼ੀ ਬੋਲ ਰਹੇ ਹਨ।

ਸਕੱਤਰ ਸਕੂਲ ਸਿੱਖਿਆ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਟੀਮ ਨੇ ਸਰਕਾਰੀ ਸਕੂਲਾਂ ਦਾ ਅਕਸ ਬਹੁਤ ਵਧੀਆ ਬਣਾਇਆ ਹੈ| ਇਸ ਨੂੰ ਸੰਭਾਲਣ ਦੀ ਲੋੜ ਹੈ। ਸਕੂਲਾਂ ਵਿੱਚ ਨਵੇਂ ਸ਼ੈਸ਼ਨ ਤੋਂ ਹੀ ਸਕੂਲ ਮੁਖੀਆਂ ਦੀ ਯੋਜਨਾ ਅਨੁਸਾਰ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਅਧਿਆਪਕ ਸਮੇਂ ਸਿਰ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਪਾਠਕ੍ਰਮ ਕਰਵਾ ਰਹੇ ਹਨ| ਹੁਣ ਬੱਚਿਆਂ ਦੇ ਸਿੱਖਣ ਪੱਧਰ 'ਚ ਸੁਧਾਰ ਹੋਣ ਕਾਰਨ ਪੜ੍ਹਣ ਤੇ ਲਿਖਣ ਤੋਂ ਅੱਗੇ ਵਧਦੇ ਹੋਏ ਜਮਾਤ ਦੇ ਪਾਠਕ੍ਰਮ ਅਨੁਸਾਰ ਸਿੱਖਣ ਪਰਿਣਾਮਾਂ ਨੂੰ ਸਮਝਣਾ ਅਤੇ ਉਸ ਨੂੰ ਬੋਲ ਕੇ ਪ੍ਰਗਟਾਉਣ ਵਿੱਚ ਮੁਹਾਰਤ ਕਰਵਾਉਣ ਦੀ ਲੋੜ ਹੈ।

ਇਸ ਲਈ ਭਾਸ਼ਾ, ਗਣਿਤ ਅਤੇ ਵਿਗਿਆਨ ਦੇ ਸਿਧਾਤਾਂ ਨੂੰ ਆਮ ਜ਼ਿੰਦਗੀ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਸਵਾਲਾਂ ਦੇ ਹੱਲ ਘਰ ਦੇ ਕੰਮ ਲਈ ਪ੍ਰੋਜੈਕਟ ਵਰਕ ਵੱਜੋਂ ਦਿੱਤੇ ਜਾਣੇ ਜਰੂਰੀ ਹਨ।