ਸਕੂਲ ਮੁਖੀਆਂ ਦੀ ਇੱਛਾ ਸ਼ਕਤੀ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ : ਸਿੱਖਿਆ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਤਰਨਤਾਰਨ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਸੈਸ਼ਨ 2019-20 ਸਬੰਧੀ ਮੀਟਿੰਗ ਹੋਈ

Officals of Education Department

ਐਸ.ਏ.ਐਸ. ਨਗਰ : ਸਿੱਖਿਆ ਵਿਭਾਗ ਵਲੋਂ ਸੈਸ਼ਨ 2019-20 ਦੀ ਸ਼ੁਰੂਆਤ ਵਿਚ ਹੀ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਲਈ ਭਵਿੱਖੀ ਯੋਜਨਾਵਾਂ ਸਬੰਧੀ ਵਿਸ਼ੇਸ਼ ਲੜੀਵਾਰ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਤਰਨਤਾਰਨ ਜ਼ਿਲ੍ਹੇ ਨੇ ਸੈਲਫ਼ ਮੇਡ ਸਮਾਰਟ ਸਕੂਲਾਂ ਸਬੰਧੀ ਬਹੁਤ ਹੀ ਵਧੀਆ ਕਾਰਜ ਕੀਤਾ ਹੈ।

ਗੁਣਾਤਮਕ ਸਿੱਖਿਆ ਲਈ ਅਧਿਆਪਕਾਂ ਵਲੋਂ ਵੀ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਮਿਹਨਤ ਕਰਵਾਈ ਗਈ ਹੈ। ਇਸ ਪਿੱਛੇ ਸਕੂਲ ਮੁਖੀਆਂ ਦੀ ਦ੍ਰਿੜ ਇੱਛਾ ਸ਼ਕਤੀ ਦਾ ਵਡਮੁੱਲਾ ਯੋਗਦਾਨ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਸਕੂਲ ਮੁਖੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਆਉਣ ਵਾਲੇ ਤਿੰਨ ਮਹੀਨਿਆਂ ਸਬੰਧੀ ਅਪਣੇ ਸਕੂਲਾਂ ਦੀ ਪ੍ਰਗਤੀ ਸਬੰਧੀ ਯੋਜਨਾਬੰਧੀ ਤਿਆਰ ਕਰਕੇ ਵਿਭਾਗ ਨੂੰ ਭੇਜਣ।

ਇਸ ਯੋਜਨਾਬੰਦੀ ਦੇ ਆਧਾਰ 'ਤੇ ਸਕੂਲ ਮੁਖੀ ਨਵੇਂ ਸੈਸ਼ਨ ਵਿਚ ਕਾਰਜ ਕਰਨ ਤਾਂ ਜੋ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ਼ ਹੋਰ ਪੱਕਾ ਹੋ ਸਕੇ। ਉਹਨਾਂ ਕਿਹਾ ਕਿ ਕੀਤੀ ਜਾਣ ਵਾਲੀ ਯੋਜਨਾਬੰਦੀ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ, ਵਿਦਿਆਰਥੀਆਂ ਦਾ ਪੰਜਾਬੀ ਮਾਂ-ਬੋਲੀ ਵਿਚ ਸ਼ੁੱਧ ਅਤੇ ਅਸਰਦਾਰ ਉਚਾਰਨ ਵੱਲ ਧਿਆਨ, ਗਣਿਤ ਵਿਸ਼ੇ ਦੀਆਂ ਮੂਲਭੂਤ ਧਾਰਨਾਵਾਂ ਤੋਂ ਇਲਾਵਾ ਵਿਵਹਾਰਕ ਰੂਪ ਵਿਚ ਵਰਤੋਂ, ਸਕੂਲ ਵਿਚ ਬੱਚਿਆਂ ਦੀ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕਰਨ ਦੀ ਵੱਧ ਤੋਂ ਵੱਧ ਗਿਣਤੀ,

ਅੰਗਰੇਜ਼ੀ ਬੋਲਣ ਦੀ ਝਿਜਕ ਤੋੜਣਾ, ਸਕੂਲ ਦੀ ਇਮਾਰਤ ਨੂੰ ਸਿੱਖਣ-ਸਿਖਾਉਣ ਸਮੱਗਰੀ ਵਜੋਂ ਵਰਤਣ ਲਈ ਇਮਾਰਤ 'ਤੇ ਵਧੀਆ ਤੇ ਰੌਚਕ ਪਾਠਕ੍ਰਮ ਸਬੰਧੀ ਤਸਵੀਰਾਂ ਦੀ ਪੇਂਟਿੰਗ ਕਰਵਾਉਣੀ, ਸਕੂਲ ਦੇ ਬਾਹਰੀ ਦਿੱਖ ਨੂੰ ਆਕਰਸ਼ਕ ਬਣਵਾਉਣਾ, ਸਕੂਲ ਵਿਚਲੇ ਪਖ਼ਾਨਿਆਂ ਦੀ ਸਵੱਛਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਅਨੁਸਾਰ ਕਿਰਿਆਵਾਂ ਆਧਾਰਿਤ ਪਾਠਕ੍ਰਮ ਨੂੰ ਪੂਰਾ ਕਰਵਾਉਣਾ, ਦਾਖ਼ਲੇ ਵਧਾਉਣ ਹਿੱਤ ਡੋਰ-ਟੂ-ਡੋਰ ਮੁਹਿੰਮ ਚਲਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ,

ਦਾਖ਼ਲਿਆਂ ਅਤੇ ਸਕੂਲ ਸਬੰਧੀ ਹੋਰ ਡਾਟਾ ਬਿਨਾਂ ਦੇਰੀ ਈ-ਪੋਰਟਲ 'ਤੇ ਅਪਲੋਡ ਕਰਨਾ, ਸਕੂਲਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਵੱਲ ਉਚਿਤ ਧਿਆਨ ਦਿੰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਣਾ, ਸਕੂਲਾਂ ਦੇ ਅਧਿਆਪਕਾਂ ਦੀਆਂ ਫੋਟੋਆਂ ਉਹਨਾਂ ਦੀਆਂ ਪ੍ਰਾਪਤੀਆਂ ਸਮੇਤ ਦਫ਼ਤਰ ਵਿੱਚ ਲਗਾਉਣਾ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇ-ਮੀਲ ਅਤੇ ਹੋਰ ਰੋਜ਼ਾਨਾ ਦਾ ਡਾਟਾ ਆਨ-ਲਾਈਨ ਕਰਵਾਉਣਾ ਆਦਿ ਮੁੱਦਿਆਂ 'ਤੇ ਵਿਸਥਾਰ ਵਿਚ ਚਰਚਾ ਕੀਤੀ ਗਈ।

ਮੀਟਿੰਗ ਨੂੰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ-ਕਮ-ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਵੱਖ-ਵੱਖ ਰਿਸੋਰਸ ਪਰਸਨਾਂ ਨੇ ਵੀ ਸਕੂਲ ਮੁਖੀਆਂ ਨੂੰ ਸਕੂਲਾਂ ਦੇ ਵਿਕਾਸ ਲਈ ਦਾਨੀ ਸੱਜਣਾਂ ਅਤੇ ਐੱਨ.ਆਰ.ਆਈ. ਦੇ ਵਿੱਤੀ ਯੋਗਦਾਨ ਬਾਲ-ਮਨੋਵਿਗਿਆਨ, ਸਕੂਲ ਪ੍ਰਬੰਧ, ਸ਼ਖਸ਼ੀਅਤ ਵਿਕਾਸ, ਵਿਦਿਆਰਥੀਆਂ ਦੇ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦਾ ਮੁਲੰਕਣ ਅਤੇ ਅਨੁਸ਼ਾਸ਼ਨ ਬਾਰੇ ਵੀ ਅਪਣੇ-ਅਪਣੇ ਵਿਚਾਰ ਸਾਂਝੇ ਕੀਤੇ।

 ਇਸ ਮੌਕੇ ਡਿਪਟੀ ਐੱਸਪੀਡੀ ਮਨੋਕ ਕੁਮਾਰ, ਏਐੱਸਪੀਡੀ ਸੁਰੇਖਾ ਠਾਕੁਰ, ਰਾਜੇਸ਼ ਜੈਨ, ਨਿਰਮਲ ਕੌਰ, ਹਰਪ੍ਰੀਤ ਕੌਰ, ਪ੍ਰਿੰਸੀਪਲ ਸਲਿੰਦਰ ਸਿੰਘ, ਅਨੂਪ ਸੁਖੀਜਾ ਫਾਜ਼ਿਲਕਾ, ਅਮਰਜੀਤ ਸਿੰਘ ਰੱਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਹਾਈ ਸਕੂਲਾਂ ਦੇ ਮੁੱਖ ਅਧਿਆਪਕ ਤੇ ਇੰਚਾਰਜ਼ ਵੀ ਹਾਜ਼ਰ ਸਨ।