ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, ਸਾਹਮਣੇ ਆਏ ਦੋ ਹੋਰ ਨਵੇਂ ਮਾਮਲੇ 

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ।

file photo

ਚੰਡੀਗੜ੍ਹ - ਪੰਜਾਬ ਦੇ ਜਲੰਧਰ ਸ਼ਹਿਰ 'ਚ ਦਿਨੋਂ ਦਿਨ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਜਲੰਧਰ ਵਿਚ ਅੱਜ ਫਿਰ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ 'ਚ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮਰੀ ਕੁਲਜੀਤ ਕੌਰ ਦੇ ਪਤੀ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

ਇਸ ਤੋਂ ਇਲਾਵਾ ਦੂਜਾ ਕੇਸ ਕਿਲੇ ਮੁਹੱਲੇ 'ਚੋਂ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਲੰਧਰ 'ਚ ਹੁਣ ਤੱਕ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਗੁਰਦਾਸਪੁਰ ਵਿਚ ਬਜ਼ੁਰਗ ਨੇ ਕੋਰੋਨਾ ਨਾਲ ਦਮ ਤੋੜਿਆ ਹੈ। ਇਸ ਬਜ਼ੁਰਗ ਦਾ ਇਲਾਜ ਅੰਮ੍ਰਿਤਸਰ 'ਚ ਚੱਲ ਰਿਹਾ ਸੀ । ਇਸ ਬਜ਼ੁਰਗ ਦੀ ਦੋ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

ਗੁਰਦਾਸਪੁਰ ਦੇ ਪਿੰਡ ਭੈਣੀ ਪਾਸਵਾਲ ਦੇ ਰਹਿਣ ਵਾਲੇ 60 ਸਾਲਾਂ ਵਿਅਕਤੀ ਜੋ ਕੋਰੋਨਾ ਦਾ ਪਹਿਲਾਂ ਕੇਸ ਪਾਜ਼ੀਟਿਵ ਪਾਇਆ ਗਿਆ ਸੀ ਉਸਦੀ ਅੱਜ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਜ਼ੁਰਗ ਕੁਝ ਦਿਨ ਪਹਿਲਾਂ ਜਲੰਧਰ ਗਿਆ ਸੀ ।ਪੰਜਾਬ 'ਚ ਕੋਰੋਨਾ ਨਾਲ ਹੁਣ ਤੱਕ 14 ਦੀ ਮੌਤ ਹੋ ਚੁੱਕੀ ਹੈ ਤੇ 191 ਕੇਸ ਸਾਹਮਣੇ ਆਏ ਹਨ। ਇਹਨਾਂ ਵਿਚੋਂ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੋਕ ਠੀਕ ਹੋ ਗਏ ਹਨ।