ਭਾਜਪਾ ਦੇ ਦਬਾਅ 'ਚ ਚੋਣ ਕਮਿਸ਼ਨ ਸੰਨੀ ਦਿਓਲ ਵਿਰੁੱਧ ਨਹੀਂ ਕਰ ਰਿਹੈ ਕਾਰਵਾਈ : ਪਾਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸੰਨੀ ਦਿਓਲ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ 

Himanshu Pathak complaint against Sunny Deol

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਦੇਸ਼ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਵੀਰਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਨਾਮਜ਼ਦਗੀ ਕਾਗ਼ਜ਼ 'ਚ ਜਾਣਕਾਰੀ ਲੁਕਾਉਣ ਦੇ ਦੋਸ਼ 'ਚ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ। ਪਾਠਕ ਨੇ ਅੱਜ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਉਨ੍ਹਾਂ ਨੇ 6 ਮਈ ਨੂੰ ਚੋਣ ਕਮਿਸ਼ਨ ਨੂੰ ਸੰਨੀ ਦਿਓਲ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਉਹ ਚੋਣ ਕਮਿਸ਼ਨ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਨਾਮਜ਼ਦਗੀ ਕਾਗ਼ਜ਼ 'ਚ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਜਾਣਕਾਰੀ ਲੁਕੋਈ ਹੈ।

ਉਹ ਚੋਣ ਪ੍ਰਚਾਰ ਲਈ ਆਪਣੀ ਤੈਅ ਰਕਮ ਤੋਂ ਵੱਧ ਪੈਸਾ ਖ਼ਰਚ ਕਰ ਚੁੱਕੇ ਹਨ। ਪਾਠਕ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਕਿਹਾ ਸੀ ਕਿ ਫ਼ੇਸਬੁੱਕ 'ਤੇ ਬਣੇ ਪੇਜ਼ 'ਫੈਨਜ਼ ਆਫ਼ ਸੰਨੀ ਦਿਓਲ' ਉਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਪਾਏ ਜਾ ਚੁੱਕੇ ਹਨ ਪਰ ਚੋਣ ਕਮਿਸ਼ਨ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਿਰਫ਼ 4 ਦਿਨਾਂ 'ਚ ਹੀ 'ਫ਼ੈਨਜ ਆਫ਼ ਸੰਨੀ ਦਿਓਲ' ਪੇਜ਼ 'ਤੇ ਲੱਖਾਂ ਲਾਈਕ ਅਤੇ ਪ੍ਰਸ਼ੰਸਕ ਜੁੜ ਚੁੱਕੇ ਹਨ। ਪਾਠਕ ਨੇ ਦੱਸਿਆ ਕਿ 12 ਮਈ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਈਮੇਲ ਆਈਡੀ 'ਤੇ ਭੇਜੀ ਜਾਵੇ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਸੰਨੀ ਦਿਓਲ ਚੋਣ ਮੁਹਿੰਮ 'ਚ ਲਗਾਏ ਜਾ ਰਹੇ ਪੈਸਿਆਂ 'ਚੋਂ ਸਿਰਫ਼ 1.74 ਲੱਖ ਰੁਪਏ ਹੀ ਸ਼ਾਮਲ ਕੀਤੇ ਹਨ। ਪਾਠਕ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਭਾਜਪਾ ਦੇ ਦਬਾਅ 'ਚ ਸੰਨੀ ਦਿਓਲ ਵਿਰੁੱਧ ਕਾਰਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਫ਼ੇਸਬੁਕ ਪੇਜ਼ 'ਤੇ ਹਾਲੇ ਵੀ ਇਸ਼ਤਿਹਾਰਬਾਜ਼ੀ ਜਾਰੀ ਹੈ। ਸੰਨੀ ਦਿਓਲ ਅਤੇ ਭਾਜਪਾ ਚੋਣ ਕਮਿਸ਼ਨ ਦੀ ਪਰਵਾਹ ਨਹੀਂ ਕਰ ਰਹੀ। ਅਜਿਹੇ 'ਚ ਨਿਰਪੱਖ ਚੋਣਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ 'ਚ ਕਾਲੇ ਧਨ ਦੀ ਵਰਤੋਂ ਕਰ ਕੇ ਸੰਨੀ ਦਿਓਲ ਨੇ ਚੋਣ ਜ਼ਾਬਤੇ ਦੀ ਵੀ ਉਲੰਘਣਾ ਕੀਤੀ ਹੀ, ਜਿਸ ਲਈ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਮੀਡੀਆ ਮਾਨੀਟਰਿੰਗ ਕਮੇਟੀ ਤੋਂ ਵੀ ਮਨਜੂਰੀ ਨਹੀਂ ਲੈ ਰਹੇ। ਪਾਠਕ ਨੇ ਮੰਗ ਕੀਤੀ ਹੈ ਕਿ ਇਸ਼ਤਿਹਾਰਬਾਜ਼ੀ 'ਚ ਲਗਾਏ ਜਾ ਰਹੇ ਵਿਦੇਸ਼ੀ ਪੈਸਿਆਂ ਦੀ ਜਾਂਚ ਕਰ ਕੇ ਸੰਨੀ ਦਿਓਲ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ। ਇਸ ਤੋਂ ਇਲਾਵਾ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਉਨ੍ਹਾਂ ਵਿਰੁੱਧ ਧਾਰਾ-420 ਤਹਿਤ ਮਾਮਲਾ ਦਰਜ ਕੀਤਾ ਜਾਵੇ।