ਮਨਪ੍ਰੀਤ ਬਾਦਲ ਨੇ ਮੋਦੀ ਨੂੰ ਕਿਹਾ 'ਸਰਕਸ ਦਾ ਸ਼ੇਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਦੱਸਦੈ

Manpreet Singh Badal

ਚੰਡੀਗੜ੍ਹ- ਲੋਕ ਸਭਾ ਚੋਣਾਂ ਆਪਣੇ ਆਖ਼ਰੀ ਪੜਾਅ ਤੇ ਪਹੁੰਚ ਚੁੱਕੀਆ ਹਨ। 19 ਮਈ ਨੂੰ ਆਖ਼ਰੀ ਪੜਾਅ ਦੀਆਂ ਵੋਟਾਂ ਪੈਣਗੀਆਂ ਅਤੇ ਉਸ ਤੋਂ ਪਹਿਲਾਂ ਸਿਆਸਤਦਾਨ ਇਕ ਦੂਸਰੇ ਤੇ ਦੋਸ਼ ਲਗਾਉਣ ਤੋਂ ਟਲ ਨਹੀਂ ਰਹੇ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੀਐਮ ਮੋਦੀ ਦੇ ਖਿਲਾਫ਼ ਵਿਵਾਦਿਤ ਬਿਆਨ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਮੋਦੀ ਨੂੰ 'ਸਰਕਸ ਦਾ ਸ਼ੇਰ' ਕਿਹਾ ਹੈ।

ਮੰਤਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਦੱਸਦਾ ਹੈ। ਬਾਦਲ ਨੇ ਕਿਹਾ, ''ਮੋਦੀ ਸ਼ੇਰ ਹੋਵੇਗਾ ਪਰ ਸ਼ੇਰ ਵੀ ਦੋ ਤਰਾਂ ਦੇ ਹੁੰਦੇ ਹਨ ਇਕ ਜੰਗਲ ਦਾ ਸ਼ੇਰ ਅਤੇ ਦੂਸਰਾ ਸਰਕਸ ਦਾ ਸ਼ੇਰ'' ਮੈਨੂੰ ਤਾਂ ਇਹ ਸਰਕਸ ਦਾ ਸ਼ੇਰ ਲੱਗਦਾ ਹੈ। ਇਸ ਦੌਰਾਨ ਬਾਦਲ ਨੇ ਕਿਹਾ ਪਿਛਲੇ ਪੰਜ ਸਾਲਾਂ ਤੱਕ ਭਾਜਪਾ ਦਾ ਜੋ ਰਾਜ ਦੇਖਿਆ ਗਿਆ ਹੈ ਉਸ ਦੌਰਾਨ ਪ੍ਰਧਾਨ ਮੰਤਰੀ ਦਾ ਜੋ ਕਿਰਦਾਰ ਰਿਹਾ ਹੈ ਜੁਮਲੇਬਾਜੀ ਤੋਂ ਬਿਨਾਂ ਕੁੱਝ ਵੀ ਨਹੀਂ।

ਦੇਸ਼ ਦੇ ਹੱਥ ਕੁੱਝ ਵੀ ਨਹੀਂ ਆਇਆ ਹਿੰਦੁਸਤਾਨ ਦੇ ਲੋਕਾਂ ਦੀਆਂ ਜੋ ਉਮੀਦਾਂ ਸਨ ਕਿ ਭਾਰਤ ਤਰੱਕੀ ਕਰੇਗਾ ਪਰ ਅਸੀਂ ਤਾਂ ਪਿਛਲੇ ਪੰਜ ਸਾਲਾਂ ਵਿਚ ਸਰਕਸ ਹੀ ਦੇਖੀ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਮਨੀਸ਼ੰਕਰ ਅਈਅਰ ਵੀ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ ਵਿਵਾਦਿਤ ਬਿਆਨ ਦੇ ਚੁੱਕੇ ਹਨ। ਮਨੀਸ਼ੰਕਰ ਅਈਅਰ ਨੇ ਮੋਦੀ ਨੂੰ 'ਉੱਚ ਦਰਜੇ ਦੇ ਨੀਚ' ਕਹਿ ਕੇ ਸੰਬੋਧਨ ਕੀਤਾ ਸੀ।

ਦੱਸ ਦਈਏ ਕਿ ਪੰਜਾਬ ਵਿਚ 13 ਲੋਕ ਸਭਾ ਸੀਟਾਂ ਤੇ 19 ਮਈ ਨੂੰ ਸੱਤਵੇਂ ਅਤੇ ਆਖ਼ਰੀ ਪੜਾਅ ਤੇ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ। ਇੱਥੇ ਭਾਜਪਾ ਅਤੇ ਐਸਏਡੀ ਮਿਲ ਕੇ ਚੋਣਾਂ ਲੜ ਰਹੇ ਹਨ ਜਦੋਂ ਕਿ ਕਾਂਗਰਸ ਦੋਨਾਂ ਦਲਾਂ ਨੂੰ ਚੁਣੌਤੀ ਦੇ ਰਹੀ ਹੈ।