ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦੇ ਚੋਣ ਖਰਚ ਵਿਚ 1,74,644 ਰੁਪਏ ਜੋੜਨ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਮਈ ਨੂੰ ਭਾਰਤੀ ਚੋਣ ਕਮਿਸ਼ਨ ਦੇ ਕੋਲ ਸੰਨੀ ਦਿਓਲ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ

Sunny Deol

ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਲਈ ਫੇਸਬੁਕ ਉੱਤੇ ਬਿਨਾਂ ਮਨਜ਼ੂਰੀ ਲਏ ਚਲਾਏ ਜਾ ਰਹੇ ‘ਫੈਨਸ ਆਫ ਸੰਨੀ ਦਿਓਲ’ ਮਾਮਲੇ ਵਿਚ ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਦੇ ਚੋਣ ਖਰਚ ਵਿਚ 1,74,644 ਰੁਪਏ ਜੋੜਨ ਦੇ ਆਦੇਸ਼ ਦਿੱਤੇ ਹਨ। ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੁਆਰਾ 6 ਮਈ ਨੂੰ ਭਾਰਤੀ ਚੋਣ ਕਮਿਸ਼ਨ ਦੇ ਕੋਲ ਉਪਰੋਕਤ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

ਜਿਸ ਉੱਤੇ ਨੋਡਲ ਅਫਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨਿਟਰਿੰਗ ਕਮੇਟੀ, ਗੁਰਦਾਸਪੁਰ ਦੇ ਦੁਆਰਾ ਜਾਂਚ ਕਰਵਾਈ ਗਈ ਅਤੇ ਜਾਂਚ ਦੇ ਦੌਰਾਨ ‘ਫੈਨਸ ਆਫ ਸੰਨੀ ਦਿਓਲ’ ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਨੂੰ ਇਸ ਸਬੰਧੀ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ, ਪਰ ਤੈਅ ਕੀਤੇ ਸਮੇਂ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਉੱਤੇ ਸ਼ਿਕਾਇਤ ਨੂੰ ਸਹੀ ਮੰਨਦੇ ਹੋਏ ਭਾਜਪਾ ਉਮੀਦਵਾਰ ਦੇ ਚੋਣ ਖਰਚੇ ਵਿਚ 1,74,644 ਰੁਪਏ ਜੋੜਨ ਦਾ ਫੈਸਲਾ ਕੀਤਾ ਹੈ।