ਸੰਨੀ ਦਿਓਲ ਦੇ ਕਾਫ਼ਲੇ ਨੇ ਮਾਰੀ ਕਾਰ ਨੂੰ ਟੱਕਰ, ਜ਼ਖ਼ਮੀਆਂ ਨੂੰ ਛੱਡ ਮੌਕੇ ਤੋਂ ਖਿਸਕੇ
ਸੰਨੀ ਦਿਓਲ ਨੇ ਕਾਰ ਨਾਲ ਟੱਕਰ ਹੋਣ ਮਗਰੋਂ ਰੁਕ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਦੀ ਬਜਾਏ ਮੌਕੇ ਤੋਂ ਖਿਸਕ ਗਏ
ਗੁਰਦਾਸਪੁਰ: ਅੱਜ ਬਟਾਲਾ ਨੇੜੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦੇ ਕਾਰਾਂ ਦੇ ਕਾਫ਼ਲੇ ਨੇ ਸੈਂਟਰੋ ਕਾਰ ਨੂੰ ਟੱਕਰ ਮਾਰ ਦਿਤੀ। ਘਟਨਾ ਮੌਕੇ ਸੰਨੀ ਦਿਓਲ ਵੀ ਕਾਫ਼ਲੇ ਦੇ ਨਾਲ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਨੇ ਕਾਰ ਨਾਲ ਟੱਕਰ ਹੋਣ ਮਗਰੋਂ ਰੁਕ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਦੀ ਬਜਾਏ ਮੌਕੇ ਤੋਂ ਖਿਸਕ ਗਏ।
ਜਾਣਕਾਰੀ ਮੁਤਾਬਕ, ਇਹ ਘਟਨਾ ਗੁਰਦਾਸਪੁਰ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਪਿੰਡ ਸੋਹਲ ਨੇੜੇ ਵਾਪਰੀ। ਇਸ ਟੱਕਰ ਨਾਲ ਸੰਨੀ ਦੇ ਕਾਫ਼ਲੇ ਦੀਆਂ ਕਾਰਾਂ ਵੀ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ ਬਾਲੀਵੁੱਡ ਅਦਾਕਾਰ ਦੀ ਰੇਂਜ ਰੋਵਰ ਵੀ ਸ਼ਾਮਲ ਸੀ। ਇਸ ਦੌਰਾਨ ਸੰਨੀ ਦੀ ਕਾਰ ਦਾ ਟਾਇਰ ਫਟ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਇਸ ਘਟਨਾ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਕੀ ਇਹੀ ਹੈ ਢਾਈ ਕਿੱਲੋ ਦੇ ਹੱਥ ਵਾਲੇ ਦੀ ਇਨਸਾਨੀਅਤ। ਜਿਹੜਾ ਹੁਣੇ ਆਮ ਲੋਕਾਂ ਨੂੰ ਕੁਝ ਨਹੀਂ ਸਮਝਦਾ ਉਸ ਨੇ ਬਾਅਦ ਵਿਚ ਲੋਕਾਂ ਦਾ ਕਿਨ੍ਹਾਂ ਕੁ ਹਾਲ ਪੁੱਛਣਾ ਹੈ, ਅੱਜ ਦੇ ਟ੍ਰੇਲਰ ਵਿਚ ਦਿਖ ਗਿਆ।