ਨਿਹੰਗ ਸਿੰਘਾਂ ਨੇ ਨੌਜਵਾਨ 'ਤੇ ਵਰਸਾਇਆ ਕਹਿਰ, ਪੀੜਤ ਪਰਿਵਾਰ ਨੇ ਜਾਮ ਕੀਤਾ ਹਾਈਵੇਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਥਾਣੇ ਤੋਂ ਘਰ ਪਰਤ ਰਿਹਾ ਸੀ ਤਾਂ ਨਿਹੰਗ ਉਸ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ।

Family Protest


ਸਮਰਾਲਾ: ਲੁਧਿਆਣਾ ਦੇ ਸਮਰਾਲਾ 'ਚ ਨਿਹੰਗ ਸਿੰਘਾਂ ਵੱਲੋਂ 23 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਨਿਹੰਗ ਸਿੰਘਾਂ ਨੂੰ ਉਸ ਨੌਜਵਾਨ ’ਤੇ ਪਿੰਡ ਦੀ ਲੜਕੀ ਭਜਾਉਣ ਦਾ ਸ਼ੱਕ ਸੀ। ਇਸ ਕਾਰਨ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਜਦੋਂ ਨੌਜਵਾਨ ਥਾਣੇ ਤੋਂ ਘਰ ਪਰਤ ਰਿਹਾ ਸੀ ਤਾਂ ਨਿਹੰਗ ਉਸ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ। ਉਥੇ ਉਹਨਾਂ ਨੇ ਸਾਰੀ ਰਾਤ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਗਰੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਮਰਾਲਾ ਵਿਚ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਉਹਨਾਂ ਨੇ ਥਾਣੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ। ਘਟਨਾ ਤੋਂ ਬਾਅਦ ਮੌਕੇ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਕਤਲ ਮਾਮਲੇ ਵਿਚ 5 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Family Protest

ਮ੍ਰਿਤਕ ਨੌਜਵਾਨ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇੜਲੇ ਪਿੰਡ ਦੀ ਇਕ ਲੜਕੀ 6 ਦਿਨਾਂ ਤੋਂ ਲਾਪਤਾ ਸੀ। ਲੜਕੀ ਨੂੰ ਭਜਾ ਕੇ ਲੈ ਜਾਣ ਦੇ ਸ਼ੱਕ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਮਰਾਲਾ ਨੂੰ ਸ਼ਿਕਾਇਤ ਦਿੱਤੀ ਹੈ। ਐਤਵਾਰ ਨੂੰ ਪੁਲਿਸ ਨੇ ਅਵਤਾਰ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਵਿਚ ਡੇਰੇ ਲਾਈ ਬੈਠੇ ਨਿਹੰਗ ਸਿੰਘ ਵੀ ਆਏ ਹੋਏ ਸਨ।

Family Protest

ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਅਵਤਾਰ ਸਿੰਘ ਵਾਪਸ ਆਪਣੇ ਪਿੰਡ ਕੂਹਲੀ ਕਲਾਂ ਨੂੰ ਜਾਣ ਲੱਗਾ ਤਾਂ ਨਿਹੰਗ ਸਿੰਘਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਨਿਹੰਗ ਅਵਤਾਰ ਸਿੰਘ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ ਅਤੇ ਉੱਥੇ ਅਵਤਾਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਾਮਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਉਸ ਦਾ ਚਚੇਰਾ ਭਰਾ ਸੀ। ਐਤਵਾਰ ਨੂੰ ਉਹ, ਅਵਤਾਰ ਅਤੇ ਇਕ ਹੋਰ ਭਰਾ ਸਮੇਤ ਸਮਰਾਲਾ ਥਾਣੇ ਤੋਂ ਆਪਣੇ ਪਿੰਡ ਪਰਤ ਰਿਹਾ ਸੀ। ਰਸਤੇ ਵਿਚ 20-25 ਨਿਹੰਗਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਹਿਣ ਲੱਗੇ ਕਿ ਉਹਨਾਂ ਨੇ ਲੜਕੀ ਦੇ ਪਿੰਡ ਜਾਣਾ ਹੈ। ਉਹ ਨਿਹੰਗਾਂ 'ਤੇ ਭਰੋਸਾ ਕਰਕੇ ਉਹਨਾਂ ਦੇ ਨਾਲ ਚਲਾ ਗਿਆ। ਜਿਵੇਂ ਹੀ ਉਹ ਲੜਕੀ ਦੇ ਪਿੰਡ ਪਹੁੰਚੇ ਤਾਂ ਨਿਹੰਗ ਨੇ ਅਵਤਾਰ ਸਿੰਘ ਤੋਂ ਲੜਕੀ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕੋਲ 2 ਰਿਵਾਲਵਰ, ਇਕ ਬਰਛਾ, 2 ਕਿਰਪਾਨਾਂ ਅਤੇ ਕਈ ਸੋਟੀਆਂ ਸਨ। ਜਦੋਂ ਅਵਤਾਰ ਲੜਕੀ ਬਾਰੇ ਕੁਝ ਨਾ ਦੱਸ ਸਕਿਆ ਤਾਂ ਨਿਹੰਗ ਸਿੰਘਾਂ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ।

Family Protest

ਰਾਮਪਾਲ ਅਨੁਸਾਰ ਉਸ ਨੇ ਬੇਨਤੀ ਕੀਤੀ ਕਿ ਅਵਤਾਰ ਨੂੰ ਲੜਕੀ ਬਾਰੇ ਕੁਝ ਨਹੀਂ ਪਤਾ, ਇਸ ਲਈ ਉਸ ਨੂੰ ਨਾ ਮਾਰੋ। ਇਸ 'ਤੇ ਨਿਹੰਗ ਗੁੱਸੇ 'ਚ ਆ ਗਏ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਪਿੰਡ ਤੋਂ ਭਜਾ ਦਿੱਤਾ। ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 4 ਮੁਲਜ਼ਮ ਅਜੇ ਫਰਾਰ ਹਨ। ਫਿਲਹਾਲ ਇਸ ਕਤਲ ਵਿਚ 9 ਮੁਲਜ਼ਮ ਸ਼ਾਮਲ ਪਾਏ ਗਏ ਹਨ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।